ਚਰਨਜੀਤ ਸਿੰਘ ਢਿੱਲੋਂ
ਜਗਰਾਉਂ,15 ਸਤੰਬਰ
ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਔਰਤ ਨੇ ਥਾਣਾ ਸ਼ਹਿਰੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਉੱਪਰ ਗੰਭੀਰ ਦੋਸ਼ ਲਗਾਏ ਹਨ।
ਸੀਨੀਅਰ ਪੁਲੀਸ ਕਪਤਾਨ ਜਗਜੀਤ ਸਿੰਘ ਨੇ ਇੰਸਪੈਕਟਰ ਜਗਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਲਾਈਵ ਦੌਰਾਨ ਔਰਤ ਦੱਸਦੀ ਹੈ ਕਿ ਉਸ ਦੇ ਪੁੱਤਰ ਦਾ ਕਿਸੇ ਨਾਲ ਝਗੜਾ ਹੋਣ ਕਾਰਨ ਉਸ ਨੇ ਥਾਣਾ ਮੁਖੀ ਜਗਜੀਤ ਸਿੰਘ ਨਾਲ ਸੰਪਰਕ ਕੀਤਾ। ਇੰਸਪੈਕਟਰ ਨੇ ਥਾਣੇ ’ਚ ਉਸ ਨੂੰ ਗਲਤ ਸ਼ਬਦਾਵਲੀ ਬੋਲੀ ਅਤੇ ਚਰਿੱਤਰ ਬਾਰੇ ਗਲਤ ਟਿੱਪਣੀਆਂ ਕੀਤੀਆਂ। ਖ਼ੁਦ ਨੂੰ ਆਮ ਆਦਮੀ ਪਾਰਟੀ ਦੀ ਵਰਕਰ ਦੱਸਣ ਵਾਲੀ ਔਰਤ ਨੇ ਵਾਇਰਲ ਵੀਡੀਓ ’ਚ ਖ਼ੁਦਕੁਸ਼ੀ ਦੀ ਗੱਲ ਕਰਦਿਆਂ ਐੱਸਐੱਚਓ ਸਣੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਖਿਲਾਫ ਵੀ ਦੋਸ਼ ਲਗਾਏ।
ਇਸ ਸਬੰਧੀ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇੰਸਪੈਕਟਰ ਜਗਜੀਤ ਸਿੰਘ ਨੂੰ ਲਾਈਨ ਹਾਜ਼ਰ ਕਰਦਿਆਂ ਜਾਂਚ ਆਰੰਭ ਦਿੱਤੀ ਹੈ ਅਤੇ ਉਨ੍ਹਾਂ ਦੀ ਥਾਂ ਇੰਸਪੈਕਟਰ ਸਤਪਾਲ ਸਿੰਘ ਨੂੰ ਲਗਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੋਸ਼ ਸਾਬਤ ਹੋਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਬਾਰੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਔਰਤ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਖਾਰਜ ਕਰਦਿਆਂ ਉਕਤ ਔਰਤ ਨੂੰ ਪਾਰਟੀ ਦੀ ਵਰਕਰ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ।