ਡੀਪੀਐੱਸ ਬੱਤਰਾ
ਸਮਰਾਲਾ, 21 ਮਈ
ਤਿੰਨ ਦਿਨ ਪਹਿਲਾ ਸਾਬਕਾ ਵਿਧਾਇਕ ਦੇ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦੇ ਕਰਿੰਦੇ ਯਾਦਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਪੁਲੀਸ ਨੇ ਇਸ ਕਤਲ ਲਈ ਸਾਜਿਸ਼ ਘੜਨ ਵਾਲੀ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਸਮੇਤ ਦੋ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱੱਸਪੀ ਹਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ, ਪਿੰਡ ਮੁੱਤਿਓ ਵਾਸੀ ਯਾਦਵਿੰਦਰ ਸਿੰਘ, ਜਿਹੜਾ ਕਿ ਚਮਕੌਰ ਸਾਹਿਬ ਵਿੱਚ ਸ਼ਰਾਬ ਦੇ ਠੇਕਿਆਂ ’ਤੇ ਕੰਮ ਕਰਦਾ ਸੀ, ਦਾ ਤਿੰਨ ਦਿਨ ਪਹਿਲਾਂ ਰਾਤ ਦੇ ਹਨੇਰੇ ਵਿੱਚ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ, ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਉਰਫ ਸੰਦੀਪ ਨੇ ਹੀ ਕਥਿਤ ਤੌਰ ’ਤੇ ਇਸ ਕਤਲ ਦੀ ਸਾਰੀ ਸਾਜਿਸ਼ ਘੜੀ ਸੀ ਅਤੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਹੱਥੋਂ ਪਤੀ ਨੂੰ ਕਤਲ ਕਰਵਾ ਦਿੱਤਾ। ਪੁਲੀਸ ਨੇ ਦੱਸਿਆ ਕਿ, ਮ੍ਰਿਤਕ ਦੀ ਪਤਨੀ ਸੰਦੀਪ ਦੀ ਜਲੰਧਰ ਦੇ ਇੱਕ ਧਾਰਮਿਕ ਡੇਰੇ ’ਤੇ ਰਾਏਕੋਟ (ਲੁਧਿਆਣਾ) ਵਾਸੀ ਅਮਨਦੀਪ ਸਿੰਘ ਉਰਫ ਦੀਪਾ ਨਾਲ ਜਾਣ ਪਹਿਚਾਣ ਹੋਈ ਸੀ ਅਤੇ ਉੱਥੋਂ ਹੀ ਇਨ੍ਹਾਂ ਦਾ ਮੇਲ-ਮਿਲਾਪ ਵਧ ਗਿਆ। ਸੰਦੀਪ ਕੌਰ ਨੇ ਕੁਝ ਦਿਨ ਪਹਿਲਾਂ ਹੀ ਦੀਪੇ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਪ੍ਰੇਸ਼ਾਨ ਅਤੇ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਹ ਉਸ ਦਾ ਕੋਈ ਪੱਕਾ ਹੱਲ ਕਰ ਦੇਵੇ। ਇਸ ਕਤਲ ਵਿੱਚ ਸ਼ਾਮਲ ਅਮਨਦੀਪ ਸਿੰਘ ਦੀਪਾ (25) ਵਾਸੀ ਰਾਏਕੋਟ ਆਪਣੇ ਉੱਥੋਂ ਦੇ ਹੀ ਵਸਨੀਕ ਦੋ ਹੋਰ ਸਾਥੀਆਂ ਗਗਨਦੀਪ ਸਿੰਘ ਅਤੇ ਲਛਮਣ ਸਿੰਘ ਨੂੰ ਨਾਲ ਲੈ ਕੇ ਕਤਲ ਦੀ ਰਾਤ ਪਿੰਡ ਮੁੱਤਿਓ ਦੇ ਰਾਹ ਵਿੱਚ ਘਾਤ ਲਾ ਕੇ ਖੜ੍ਹ ਗਿਆ। ਉਧਰ ਮ੍ਰਿਤਕ ਦੀ ਪਤਨੀ ਸੰਦੀਪ ਵਾਰ-ਵਾਰ ਫੋਨ ਕਰਕੇ ਆਪਣੇ ਪਤੀ ਨੂੰ ਘਰ ਸੱਦ ਰਹੀ ਸੀ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਫੋਨ ਕਰਕੇ ਇਹ ਪੁੱਛਦੀ ਰਹੀ ਕਿ, ਉਹ ਕਿੱਥੇ ਪਹੁੰਚ ਗਿਆ ਹੈ। ਪਲ-ਪਲ ਦੀ ਇਹ ਸਾਰੀ ਜਾਣਕਾਰੀ ਉਹ ਦੀਪੇ ਨੂੰ ਫੋਨ ’ਤੇ ਦਿੰਦੀ ਰਹੀ। ਜਦੋਂ ਯਾਦਵਿੰਦਰ ਸਿੰਘ ਰਾਤ ਦੇ ਹਨੇਰੇ ਵਿੱਚ ਮੋਟਰਸਾਈਕਲ ’ਤੇ ਆਪਣੇ ਪਿੰਡ ਦੇ ਨੇੜੇ ਪਹੁੰਚਿਆ ਤਾਂ ਇਨ੍ਹਾਂ ਤਿੰਨਾਂ ਨੇ ਬੇਸਬਾਲ ਨਾਲ ਉਸ ’ਤੇ ਹਮਲਾ ਕਰ ਦਿੱਤਾ। ਜਿਸ ਦੀ ਥਾਂ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਪਤਨੀ ਸਮੇਤ ਤਿੰਨੇ ਨੌਜਵਾਨਾਂ ਵੱਲੋਂ ਜੁਰਮ ਇਕਬਾਲ ਕਰਨ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।