ਚਰਨਜੀਤ ਢਿੱਲੋਂ
ਜਗਰਾਉਂ, 13 ਸਤੰਬਰ
ਪੁਲੀਸ ਥਾਣਾ ਸ਼ਹਿਰੀ ਨੇ ਇੱਥੋਂ ਦੀ ਇੱਕ ਕਲੋਨੀ ’ਚ ਪਿਛਲੇ 10 ਸਾਲਾਂ ਤੋਂ ਆਪਣੇ ਬੱਚਿਆਂ ਨਾਲ ਰਹਿ ਰਹੀ ਵਿਧਵਾ ਔਰਤ ਦੇ ਘਰ ਦੀ ਦੀਵਾਰ ਢਾਹ ਕੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 9 ਲੋਕਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ 4 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਔਰਤ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਗਾਲਬਿ ਰਣ ਸਿੰਘ ਹੈ। ਸਾਲ 2009 ’ਚ ਉਸ ਦੇ ਪਤੀ ਗੁਰਮੇਲ ਸਿੰਘ ਨੇ ਢਿੱਲੋਂ ਕਲੋਨੀ ’ਚ ਦੋ ਪਲਾਟ ਰਜਿੰਦਰ ਸਿੰਘ ਅਤੇ ਉਸ ਦੇ ਪਿਤਾ ਦਲੀਪ ਸਿੰਘ ਤੋਂ ਖਰੀਦੇ ਸਨ । ਪਲਾਟ ਵੇਚਣ ਸਮੇਂ ਉਨ੍ਹਾਂ ਨੇ ਰਸਤੇ ਵਗੈਰਾ ਪੱਕੇ ਲਗਾਉਣ ਅਤੇ ਕਲੋਨੀ ਸਰਕਾਰੀ ਮਾਪਦੰਡਾਂ ’ਤੇ ਪਾਸ ਹੋਣ ਦੀ ਗੱਲ ਕਹੀ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਖਰੀਦੇ ਪਲਾਟਾਂ ’ਚ ਮਕਾਨ ਬਣਾਇਆ ਅਤੇ ਪਰਿਵਾਰ ਸਮੇਤ ਰਹਿਣ ਲੱਗ ਪਏ। ਕਰੀਬ ਤਿੰਨ ਵਰ੍ਹੇ ਪਹਿਲਾਂ ਉਸ ਦੇ ਪਤੀ ਗੁਰਮੇਲ ਸਿੰਘ ਦੀ ਅਚਨਚੇਤ ਮੌਤ ਹੋ ਗਈ। ਪੀੜਤ ਅਮਰਜੀਤ ਕੌਰ ਨੇ ਸਬ-ਇੰਸਪੈਕਟਰ ਅਮਰਜੀਤ ਸਿੰਘ ਗਿੱਲ ਦੀ ਹਾਜ਼ਰੀ ’ਚ ਦੱਸਿਆ ਕਿ ਰਜਿੰਦਰ ਸਿੰਘ ਨੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਕਲੋਨੀ ਦੇ ਰਸਤਿਆਂ ਆਦਿ ਲਈ ਛੱਡੀ ਜਗ੍ਹਾ ਦੀ ਮੁੜ ਰਜਿਸਟਰੀ ਕਰਵਾ ਦਿੱਤੀ ਅਤੇ ਉਸ ਨੂੰ ਜਬਰੀ ਇੱਥੋਂ ਚਲੇ ਜਾਣ ਲਈ ਧਮਕਾਉਣ ਲੱਗਾ। ਬੀਤੇ ਕੱਲ੍ਹ ਬਾਅਦ ਦੁਪਹਿਰ ਉਨ੍ਹਾਂ ਨੇ ਜੇ.ਸੀ.ਬੀ ਮਸ਼ੀਨ ਲਿਆ ਕੇ ਉਸ ਦੇ ਮਕਾਨ ਦੀ ਕੰਧ ਢਾਹ ਦਿੱਤੀ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਿੱਤੀਆਂ। ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਤੇ ਕਾਰਵਾਈ ਕਰਦਿਆਂ ਸੁਖਵੰਤ ਸਿੰਘ ਪਿੰਡ ਦਾਤਾ (ਮੋਗਾ), ਰਜਿੰਦਰ ਸਿੰਘ, ਕਮਲਜੀਤ ਕੌਰ, ਪਰਮਿੰਦਰ ਸਿੰਘ, ਅਮਨਦੀਪ ਸਿੰਘ ਵਾਸੀ ਸੀਲੋਆਣੀ (ਰਾਏਕੋਟ) ,ਇਕਬਾਲ ਕੌਰ, ਜਸਵੀਰ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ ਸਾਰੇ ਵਾਸੀ ਪਿੰਡ ਸਵੱਦੀ ਕਲਾਂ ਸਮੇਤ 4 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਅਮਰਜੀਤ ਸਿੰਘ ਗਿੱਲ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।