ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਸਨਅਤੀ ਸ਼ਹਿਰ ਵਿੱਚ ਅੱਜ ਫਿਰ ਕਈ ਇਲਾਕਿਆਂ ਵਿੱਚ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਤੇ ਕਈ ਇਲਾਕੇ ਮੀਂਹ ਦੀ ਉਡੀਕ ਹੀ ਕਰਦੇ ਰਹੇ। ਕਈ ਇਲਾਕਿਆਂ ’ਚ ਦੁਪਹਿਰ ਤਿੰਨ ਵਜੇ ਤੋਂ ਮੀਂਹ ਪੈ ਰਿਹਾ ਹੈ। ਸਮਰਾਲਾ ਚੌਕ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਸ਼ਿੰਗਾਰ ਸਿਨੇਮਾ ਰੋਡ, ਸੀਐੱਮਸੀ ਦੇ ਨੇੜਲੇ ਇਲਾਕਿਆਂ ’ਚ ਤੇਜ਼ ਮੀਂਹ ਪੈ ਰਿਹਾ ਹੈ। ਉਧਰ, ਸਰਾਭਾ ਨਗਰ, ਗੁਰਦੇਵ ਨਗਰ, ਭਾਰਤ ਨਗਰ ਚੌਕ, ਸਿਵਲ ਲਾਈਨ, ਪੀਏਯੂ ਰੋਡ, ਘੁਮਾਰ ਮੰਡੀ ਸਮੇਤ ਆਸਪਾਸ ਦੇ ਇਲਾਕਿਆਂ ’ਚ ਧੁੱਪ ਨਿਕਲੀ ਰਹੀ। ਪਿਛਲੇ ਚਾਰ ਦਿਨਾਂ ਤੋਂ ਸ਼ਹਿਰ ’ਚ ਲਗਾਤਾਰ ਇਸੇ ਤਰ੍ਹਾਂ ਹੋ ਰਿਹਾ ਹੈ ਕਿ ਕਿਤੇ ਮੀਂਹ ਅਤੇ ਕਿਤੇ ਧੁੱਪ। ਮੌਨਸੂਨ ਦੇ ਸਰਗਰਮ ਹੋਣ ਨਾਲ ਪਿਛਲੇਂ 2 ਦਿਨਾਂ ਤੋਂ ਮੌਸਮ ਲਗਾਤਾਰ ਬਦਲ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਸਤੰਬਰ ਤੱਕ ਬੱਦਲ ਛਾਏ ਰਹਿਣਗੇ।