ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਮਾਰਚ
ਕਰੋਨਾ ਕਾਲ ਦੇ 2 ਸਾਲ ਬਾਅਦ ਸਨਅਤੀ ਸ਼ਹਿਰ ’ਚ ਹੋਲੀ ਦਾ ਤਿਉਹਾਰ ਪੂਰੇ ਜੋਸ਼ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਲੋਕ ਵੱਖ-ਵੱਖ ਰੰਗ ਗੁਲਾਲ ਦੇ ਨਾਲ ਹੋਲੀ ਖੇਡਦੇ ਨਜ਼ਰ ਆਏ, ਉਥੇ ਹੀ ਬਜ਼ੁਰਗ ਤੇ ਬੱਚੇ ਵੀ ਇਸ ਵਾਰ ਪਿੱਛੇ ਨਹੀਂ ਰਹੇ। ਕੁਝ ਨੌਜਵਾਨ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹੁੜਦੁੰਗ ਵੀ ਮਚਾਉਂਦੇ ਨਜ਼ਰ ਆਏ। ਇਨ੍ਹਾਂ ਲੋਕਾਂ ਨਾਲ ਨਜਿੱਠਣ ਅਤੇ ਕਾਨੂੰਨ ਨੂੰ ਤਰੀਕੇ ਨਾਲ ਲਾਗੂ ਕਰਨ ਲਈ ਟ੍ਰੈਫਿਕ ਪੁਲੀਸ ਵੀ ਤਰ੍ਹਾਂ ਅਲਰਟ ਰਹੀ। ਟਰੈਫਿਕ ਪੁਲੀਸ ਨੇ ਹੋਲੀ ਦੇ ਤਿਉਹਾਰ ’ਤੇ ਆਪਣਾ ਡੰਡਾ ਖੂਬ ਚਲਾਇਆ। ਸਨਅਤੀ ਸ਼ਹਿਰ ’ਚ 70 ਤੋਂ ਵਧੇਰੇ ਥਾਵਾਂ ’ਤੇ ਖਾਸ ਨਾਕਾਬੰਦੀ ਕੀਤੀ ਗਈ ਸੀ, ਇਸ ਦੌਰਾਨ 430 ਬਿਨਾਂ ਹੈਲਮਟ ਦੇ ਨਾਲ ਨਾਲ 1026 ਟਰਿੱਪਲ ਰਾਈਡਿੰਗ ਦੇ ਚਲਾਨ ਕੱਟੇ ਗਏ। ਇਸ ਦੌਰਾਨ ਪੁਲੀਸ ਨੂੰ ਦੇਖ ਕਈ ਨੌਜਵਾਨਾਂ ਨੇ ਆਪਣਾ ਰਸਤਾ ਵੀ ਬਦਲ ਲਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ ਟ੍ਰੈਫਿਕ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਦੇ ਵੱਲੋਂ ਪਹਿਲਾਂ ਹੀ ਸ਼ਾਫ਼ ਕਰ ਦਿੱਤਾ ਗਿਆ ਸੀ ਕਿ ਹੋਲੀ ਦਾ ਤਿਉਹਾਰ ਲੋਕ ਚੰਗੇ ਤਰੀਕੇ ਨਾਲ ਮਨਾਉਣ। ਇਸ ਦੌਰਾਨ ਕਿਸੇ ਨੂੰ ਵੀ ਟ੍ਰੈਫਿਕ ਨਿਯਮ ਤੋੜਨ ਦੀ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲੀਸ ਦੇ ਵੱਲੋਂ 70 ਥਾਂਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਬਿਨ੍ਹਾ ਹੈਲਮੈਟ ਤੇ ਟ੍ਰਿਪਲ ਰਾਈਡਿੰਗ ਕਰ ਹੁੜਦੁੰਗ ਮਚਾਉਣ ਵਾਲੇ ਨਿਸ਼ਾਨੇ ’ਤੇ ਰਹੇ। ਡੀਸੀਪੀ ਟ੍ਰੈਫਿਕ ਨੇ ਦੱਸਿਆ ਕਿ ਟ੍ਰੈਫਿਕ ਪੁਲੀਸ ਦੇ ਵੱਲੋਂ ਕੁੱਲ 1456 ਚਲਾਨ ਕੀਤੇ ਗਏ ਹਨ। ਜਿਨ੍ਹਾਂ ’ਚੋਂ 430 ਚਲਾਨ ਬਿਨਾਂ ਹੈਲਮੇਟ ਤੇ 1056 ਚਲਾਨ ਟਰਿੱਪਲ ਰਾਈਡਿੰਗ ਵਾਲਿਆਂ ਦੇ ਸਨ।
ਹਕਈ ਥਾਂ ਹੋਈ ਕੁੱਟਮਾਰ, 97 ਲੋਕਾਂ ਨੇ ਕਰਵਾਇਆ ਮੈਡੀਕਲ
ਸਨਅਤੀ ਸ਼ਹਿਰ ਵਿੱਚ ਹੋਲੀ ਵਾਲੇ ਦਿਨ ਕਈ ਥਾਵਾਂ ’ਤੇ ਕੁੱਟਮਾਰ ਹੋਈ, ਇਸ ਦੌਰਾਨ ਲੋਕ ਸ਼ਰਾਬ ਪੀ ਕੇ ਲੜਦੇ ਰਹੇ। ਦੱਸ ਦਈਏ ਕਿ ਹੋਲੀ ਵਾਲੇ ਦਿਨ ਸਿਵਲ ਹਸਪਤਾਲ ਵਿੱਚ 97 ਲੋਕਾਂ ਨੇ ਕੁੱਟਮਾਰ ਹੋਣ ਕਾਰਨ ਮੈਡੀਕਲ ਕਰਵਾਇਆ। ਸਭ ਤੋਂ ਜ਼ਿਆਦਾ ਬਸਤੀ ਜੋਧੇਵਾਲ, ਟਿੱਬਾ ਰੋਡ, ਕਿਲਾ ਮੁਹੱਲਾ, ਸਲੇਮ ਟਾਬਰੀ ਤੇ ਹੈਬੋਵਾਲ ਇਲਾਕੇ ਵਿੱਚ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ।