ਸਤਵਿੰਦਰ ਬਸਰਾ
ਲੁਧਿਆਣਾ, 23 ਮਈ
ਕਰੋਨਾ ਮਹਾਮਾਰੀ ਤੋਂ ਬਚਾਅ ਲਈ ਚੱਲ ਰਹੀ ਟੀਕਾਕਰਨ ਮੁਹਿੰਮ ਵਿੱਚ ਲੋਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਦੂਜੇ ਪਾਸੇ ਟੀਕਾਕਰਨ ਕੈਂਪਾਂ ਵਿੱਚ ਟੀਕੇ ਘੱਟ ਆਉਣ ਕਰਕੇ ਲੋਕਾਂ ਨੂੰ ਟੀਕਾਕਰਨ ਕੈਂਪਾਂ ਦੇ ਬਾਹਰ ਘੰਟਿਆਂ ਬੱਧੀ ਖੜ੍ਹੇ ਹੋਣ ਤੋਂ ਬਾਅਦ ਬੇਰੰਗ ਮੁੜਨਾ ਪੈ ਰਿਹਾ ਹੈ। ਇਹੋ ਜਿਹਾ ਹੀ ਹਾਲ ਐਤਵਾਰ ਨੂੰ ਲੁਧਿਆਣਾ ਦੇ ਟਿੱਬਾ ਰੋਡ ’ਤੇ ਲੱਗੇ ਟੀਕਾਕਰਨ ਕੈਂਪ ਦੌਰਾਨ ਦੇਖਣ ਨੂੰ ਮਿਲਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਸੇ ਤਾਂ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਟੀਕੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਟੀਕਾਕਰਨ ਕੈਂਪਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗਣ ਕਰਕੇ ਲੋਕਾਂ ਨੂੰ ਬਿਨਾਂ ਟੀਕੇ ਲਗਵਾਏ ਹੀ ਘਰਾਂ ਨੂੰ ਵਾਪਸ ਜਾਣਾ ਪੈ ਰਿਹਾ ਹੈ। ਟਿੱਬਾ ਰੋਡ ’ਤੇ ਬੁੱਢੇ ਨਾਲੇ ਦੀ ਪੁਲੀ ਨਾਲ ਲੱਗੇ ਇੱਕ ਕੈਂਪ ਵਿੱਚ ਪਿਛਲੇ ਕਈ ਦਿਨਾਂ ਤੋਂ ਟੀਕਾਕਰਨ ਕੀਤਾ ਜਾ ਰਿਹਾ ਹੈ। ਐਤਵਾਰ ਛੁੱਟੀ ਦਾ ਦਿਨ ਹੋਣ ਕਰਕੇ ਲੋਕ ਤੜਕੇ ਤੋਂ ਹੀ ਇਸ ਕੈਂਪ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਸਵੇਰ ਦੇ 6 ਵਜੇ ਤੱਕ ਸੜਕ ਦੇ ਦੋਵੇਂ ਪਾਸੇ ਭੀੜ ਇਕੱਤਰ ਹੋ ਗਈ, ਪਰ ਟੀਕੇ ਘੱਟ ਹੋਣ ਕਰਕੇ ਸਾਰਿਆਂ ਨੂੰ ਟੀਕਾਕਰਨ ਕੈਂਪ ਵਿੱਚ ਦਾਖਲ ਨਹੀਂ ਕੀਤਾ ਗਿਆ। ਅੰਕਿਤ ਕੁਮਾਰ ਨਾਂ ਦੇ ਨੌਜਵਾਨ ਦਾ ਕਹਿਣਾ ਸੀ ਇਸ ਸੈਂਟਰ ਵਿੱਚ 18 ਤੋਂ 44 ਅਤੇ 45 ਸਾਲ ਤੋਂ ਉਪਰ ਉਮਰ ਵਰਗ ਵਾਲਿਆਂ ਦੇ ਇੱਕੋ ਦਿਨ ਟੀਕੇ ਲਗਾਉਣ ਕਰਕੇ ਭੀੜ ਜ਼ਿਆਦਾ ਹੋ ਜਾਂਦੀ ਹੈ। ਅਜਿਹਾ ਹੋਣ ਨਾਲ ਕਰੋਨਾ ਮਹਾਮਾਰੀ ਹੋਰ ਫੈਲਣ ਦਾ ਖਦਸ਼ਾ ਹੈ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਅਜਿਹੇ ਕੈਂਪਾਂ ਵਿੱਚ ਵੱਧ ਤੋਂ ਵੱਧ ਟੀਕੇ ਭੇਜੇ ਤਾਂ ਜੋ ਵੱਧ ਤੋਂ ਵੱਧ ਲੋਕ ਟੀਕਾਕਰਨ ਕਰਵਾ ਕਿ ਇਸ ਮਹਾਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਆਪਣਾ ਯੋਗਦਾਨ ਪਾ ਸਕਣ।