ਪੱਤਰ ਪ੍ਰੇਰਕ
ਮਾਛੀਵਾੜਾ, 23 ਜਨਵਰੀ
ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਨਵੀਂ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਸਾਹਨੇਵਾਲ ਤੋਂ ਹਲਕੇ ਨਾਲ ਸਬੰਧਤ ਕਿਸੇ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਨ ਦੀ ਬਜਾਏ ਮਾਛੀਵਾੜਾ ਦੇ ਰਹਿਣ ਵਾਲੇ ਸੇਵਾਮੁਕਤ ਕਰਨਲ ਮਲਵਿੰਦਰ ਸਿੰਘ ਗੁਰੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਮਾਛੀਵਾੜਾ ਦੇ ਨੈਸ਼ਨਲ ਕਾਲਜ ਫਾਰ ਵਿਮੈਨ ਦੇ ਬਾਨੀ ਸਵ. ਸੋਹਣ ਸਿੰਘ ਗੁਰੋਂ ਦੇ ਪੁੱਤਰ ਮਲਵਿੰਦਰ ਸਿੰਘ ਗੁਰੋਂ ਫੌਜ ’ਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਹਿੱਤਾਂ ਲਈ ਬਣਾਈ ਗਈ ਸਾਬਕਾ ਫੌਜੀਆਂ ਦੀ ਜਥੇਬੰਦੀ ‘ਜੀ.ਓ.ਜੀ.’ ਦੀ ਅਗਵਾਈ ਕਰਦੇ ਆ ਰਹੇ ਹਨ। ਕਿਸਾਨੀ ਸੰਘਰਸ਼ ਦੌਰਾਨ ਮਲਵਿੰਦਰ ਸਿੰਘ ਗੁਰੋਂ ਨੇ ਸੰਯੁਕਤ ਸਮਾਜ ਮੋਰਚੇ ਦੇ ਮੁੱਖ ਆਗੂ ਬਲਵੀਰ ਸਿੰਘ ਰਾਜੇਵਾਲ ਨਾਲ ਕੰਮ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਹਲਕਾ ਸਾਹਨੇਵਾਲ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ।
ਸਿਆਸੀ ਪਾਰਟੀਆਂ ਦੇ ਆਗੂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਤੋਂ ਅਣਜਾਣ
ਹਲਕਾ ਸਾਹਨੇਵਾਲ ਵਿਚ ਜਿੱਥੇ ਅਕਾਲੀ ਦਲ ਵਲੋਂ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ‘ਆਪ’ ਵਲੋਂ ਹਰਦੀਪ ਸਿੰਘ ਮੁੰਡੀਆਂ, ਸੰਯੁਕਤ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਦੇ ਭਤੀਜੇ ਐਡਵੋਕੇਟ ਹਰਪ੍ਰੀਤ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ ਜੋ ਇਲਾਕੇ ਦੇ ਨਾਮੀ ਚਿਹਰੇ ਹਨ ਪਰ ਸੰਯੁਕਤ ਸਮਾਜ ਮੋਰਚੇ ਵਲੋਂ ਹਲਕੇ ਦੀ ਬਜਾਏ ਬਾਹਰਲੇ ਉਮੀਦਵਾਰ ਸੇਵਾਮੁਕਤ ਕਰਨਲ ਮਲਵਿੰਦਰ ਸਿੰਘ ਗੁਰੋਂ ਦਾ ਨਾਮ ਜਦੋਂ ਉਮੀਦਵਾਰ ਵਜੋਂ ਐਲਾਨ ਹੋਇਆ ਤਾਂ ਇਹ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਤੇ ਸਮਰਥਕ ਇਸ ਨਵੇਂ ਚਿਹਰੇ ਤੋਂ ਅਣਜਾਣ ਦਿਖਾਈ ਦਿੱਤੇ। ਹਲਕਾ ਸਾਹਨੇਵਾਲ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਕਾਫ਼ੀ ਆਧਾਰ ਹੈ ਕਿਉਂਕਿ ਉਨ੍ਹਾਂ ਦਾ ਆਪਣਾ ਪਿੰਡ ਵੀ ਹਲਕੇ ’ਚ ਪੈਂਦਾ ਹੈ ਪਰ ਉਨ੍ਹਾਂ ਵਲੋਂ ਸੰਯੁਕਤ ਸਮਾਜ ਮੋਰਚੇ ਨਾਲ ਕੋਈ ਸਾਂਝ ਨਹੀਂ ਰੱਖੀ ਅਤੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ ਜਿਸ ਕਾਰਨ ਮੋਰਚੇ ਦੇ ਇਸ ਉਮੀਦਵਾਰ ਲਈ ਹਲਕਾ ਸਾਹਨੇਵਾਲ ’ਚ ਆਪਣੀ ਚੋਣ ਮੁਹਿੰਮ ਚਲਾ ਕੇ ਵਿਰੋਧੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ।