ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਪਰੈਲ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਮਿਲੀ ਅਣਕਿਆਸੀ ਹਮਾਇਤ ਤੋਂ ਉਤਸ਼ਾਹਤ ਕਿਸਾਨ ਜਥੇਬੰਦੀਆਂ ’ਚ ਮਹਿਲਾ ਵਿੰਗ ਬਣਾਉਣ ਦਾ ਰੁਝਾਨ ਵਧਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਪਿੰਡ ਛੱਜਾਵਾਲ ਤੋਂ ਬਾਅਦ ਅੱਜ ਇਲਾਕੇ ਦੇ ਵੱਡੇ ਅਤੇ ਇਤਿਹਾਸਕ ਪਿੰਡ ਸਿੱਧਵਾਂ ਕਲਾਂ ਵਿੱਚ ਔਰਤਾਂ ਦੀ ਵੱਖਰੀ ਇਕਾਈ ਦੀ ਚੋਣ ਕੀਤੀ। ਯੂਨੀਅਨ ਦੇ ਔਰਤ ਵਿੰਗ ਦੀ ਚੋਣ ’ਚ ਜਸਵੀਰ ਕੌਰ ਪ੍ਰਧਾਨ, ਕੁਲਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਹਰਸ਼ਿੰਦਰ ਕੌਰ ਮੀਤ ਪ੍ਰਧਾਨ, ਪਰਮਜੀਤ ਕੌਰ ਸਕੱਤਰ, ਗੁਰਮੀਤ ਕੌਰ ਸਹਾਇਕ ਸਕੱਤਰ, ਸਰਬਜੀਤ ਕੌਰ ਖਜ਼ਾਨਚੀ, ਗੁਰਮੀਤ ਕੌਰ ਸਹਾਇਕ ਖਜ਼ਾਨਚੀ ਚੁਣੀਆਂ ਗਈਆਂ। ਇਸ ਤੋਂ ਇਲਾਵਾ ਸਰਬਜੀਤ ਕੌਰ, ਸਤਵਿੰਦਰ ਕੌਰ, ਹਰਜੀਤ ਕੌਰ, ਸੁਰਜੀਤ ਕੌਰ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
ਇਸੇ ਤਰ੍ਹਾਂ ਪਿੰਡ ਪੱਧਰ ’ਤੇ ਮਰਦਾਂ ਦੇ ਕਿਸਾਨ ਵਿੰਗ ਦੀ ਵੱਖਰੇ ਤੌਰ ’ਤੇ ਚੋਣ ਹੋਈ। ਇਸ ’ਚ ਗੁਰਪ੍ਰੀਤ ਸਿੰਘ ਸਿੱਧਵਾਂ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਕਰਮਜੀਤ ਸਿੰਘ ਮੀਤ ਪ੍ਰਧਾਨ, ਹਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਕੁਲਜੀਤ ਸਿੰਘ ਸਕੱਤਰ, ਤੇਜਿੰਦਰ ਸਿੰਘ ਸਹਾਇਕ ਸਕੱਤਰ ਚੁਣੇ ਗਏ। ਇਸੇ ਤਰ੍ਹਾਂ ਕੁਲਜੀਤ ਸਿੰਘ, ਭੁਪਿੰਦਰ ਸਿੰਘ, ਬਲਤੇਜ ਸਿੰਘ, ਇੰਦਰਜੀਤ ਸਿੰਘ, ਸੁਖਬਿੰਦਰ ਸਿੰਘ ਕਾਰਜਕਾਰਨੀ ਮੈਂਬਰ ਚੁਣੇ ਗਏ। ਚੁਣੇ ਗਏ ਅਹੁਦੇਦਾਰਾਂ ਨੂੰ ਸਰਪੰਚ ਬੀਬੀ ਸੁਖਵਿੰਦਰ ਕੌਰ ਨੇ ਅਤੇ ਯੂਨੀਅਨ ਦੇ ਜ਼ਿਲ੍ਹੇ ਕਮੇਟੀ ਮੈਂਬਰਾਂ ਨੇ ਜੋ ਬੋਲੇ ਸੌ ਨਿਹਾਲ ਦੇ ਜੈਕਾਰਿਆਂ ਦੀ ਗੂੰਜ ’ਚ ਸਿਰੋਪਾਓ ਭੇਟ ਕੀਤੇ। ਜਥੇਬੰਦੀ ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ, ਦਵਿੰਦਰ ਸਿੰਘ ਮਲਸੀਹਾਂ, ਇੰਦਰਜੀਤ ਸਿੰਘ ਧਾਲੀਵਾਲ ਇਹ ਚੋਣ ਕਰਵਾਉਣ ਲਈ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ।