ਦੇਵਿੰਦਰ ਜੱਗੀ
ਪਾਇਲ, 11 ਅਗਸਤ
ਇਥੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 11 ਫ਼ੀਸਦੀ ਬੱਚਿਆਂ ਦੇ ਦਾਖ਼ਲੇ ’ਚ ਵਾਧਾ ਹੋਇਆ। ਇਨ੍ਹਾਂ ਵਿੱਚ ਭਾਰੀ ਗਿਣਤੀ ਪ੍ਰਾਈਵੇਟ ਸਕੂਲਾਂ ਵਿੱਚ ਆਪਣਾ ਨਾਮ ਕਟਵਾ ਕੇ ਸਰਕਾਰੀ ਸਕੂਲ ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਹੈ। ਜਾਣਕਾਰੀ ਮੁਤਾਬਿਕ ਲੌਕਡਾਊਨ ਦੌਰਾਨ ਅਧਿਆਪਕਾਂ ਅਤੇ ਸਕੂਲ ਸਟਾਫ਼ ਵੱਲੋਂ ਲੋਕਾਂ ਨਾਲ ਨਿੱਜੀ ਰਾਬਤਾ ਕਾਇਮ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਦੱਸਣ ਅਤੇ ਦਾਖ਼ਲਾ ਫਾਰਮ ਭਰ ਕੇ ਬੱਚੇ ਦਾਖਲ ਕੀਤੇ ਗਏ ਹਨ। ਸਕੂਲ ਦੀ ਬਦਲੀ ਨੁਹਾਰ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਲਈ ਨਵੇਂ ਕਮਰਿਆਂ ਦੀ ਉਸਾਰੀ, ਨਵੇਂ ਕੰਪਿਊਟਰ ਲੈਬ ਤੇ ਸਾਇੰਸ ਲੈਬ ਆਦਿ ਦੀ ਸਹੂਲਤ ਉਪਲਬਧ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਨੂੰ ਜਾਂਦਾ ਹੈ। ਉਧਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਸਕੂਲਾਂ ਦੀ ਦਿੱਖ ਸੰਵਾਰਨ ਅਤੇ ਵਿਦਿਆਰਥੀਆਂ ਦੇ ਦਾਖ਼ਲੇ ਵਿਚ ਹੋ ਰਿਹਾ ਵਾਧਾ ਸਕੂਲ ਅਧਿਆਪਕਾਂ ਦੀ ਮਿਹਨਤ ਸਦਕਾ ਹੈ। ਇਸ ਦੌਰਾਨ ਉਨ੍ਹਾਂ ਅਧਿਆਪਕਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਜਿਹੜੇ ਅਧਿਆਪਕ ਮਿਹਨਤੀ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।