ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਨਵੰਬਰ
ਸਮਾਰਟ ਸਿਟੀ ਲੁਧਿਆਣਾ ’ਚ ਕੋਈ ਪਲਾਨਿੰਗ ਨਾ ਹੋਣ ਕਾਰਨ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਟਰੈਫਿਕ ਜਾਮ ਤੋਂ ਹੋ ਰਹੀ ਹੈ, ਲੁਧਿਆਣਾ ਦਾ ਹਾਲ ਵੀ ਦਿੱਲੀ ਵਾਂਗ ਹੋ ਗਿਆ ਹੈ, ਅਗਰ ਸ਼ਹਿਰ ਦੇ ਇੱਕ ਹਿੱਸੇ ਤੋਂ ਦੂਜੇ ਪਾਸੇ ਜਾਣਾ ਹੋਵੇ ਤਾਂ 1 ਤੋਂ 2 ਘੰਟੇ ਲੱਗ ਜਾਂਦੇ ਹਨ, ਲੋਕਾਂ ਦਾ ਕਹਿਣਾ ਹੈ ਕਿ ਗੱਡੀ ਲੈ ਕੇ ਸ਼ਹਿਰ ਵਿੱਚ ਘੁੰਮਣਾ ਬਹੁਤ ਔਖਾ ਹੋ ਗਿਆ ਹੈ। ਅਗਰ ਕਿਸੇ ਨੇ ਪੱਖੋਵਾਲ ਰੋਡ ਤੋਂ ਚੰਡੀਗੜ੍ਹ ਰੋਡ ਜਾਣਾ ਹੋਵੇ ਤਾਂ ਉਸ ਨੂੰ ਇੱਕ ਤੋਂ ਸਵਾ ਘੰਟੇ ਲੱਗ ਜਾਂਦਾ ਹੈ, ਜਦਕਿ ਬਾਹਰੋਂ ਬਾਹਰ ਇੰਨੇ ਸਮੇਂ ਵਿੱਚ ਲੋਕ ਜਲੰਧਰ ਪਾਰ ਕਰ ਲੈਂਦੇ ਹਨ।
ਦੋ ਦਿਨ ਬਾਅਦ ਦੀਵਾਲੀ ਹੈ ਤੇ ਪੂਰਾ ਸ਼ਹਿਰ ਸਵੇਰੇ ਤੋਂ ਸ਼ਾਮ ਤੱਕ ਟਰੈਫਿਕ ਜਾਮ ਫਸਿਆ ਰਹਿੰਦਾ ਹੈ, ਲੁਧਿਆਣਾ ਪੁਲੀਸ ਵੱਲੋਂ ਸ਼ਹਿਰ ਨੂੰ ਟਰੈਫਿਕ ਜਾਮ ਤੋਂ ਬਚਾਉਣ ਲਈ ਕੁਝ ਨਹੀਂ ਕੀਤਾ ਗਿਆ। ਪੁਲੀਸ ਨੇ ਤਿਉਹਾਰਾਂ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਬਚਾਉਣ ਲਈ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਜ਼ਮੀਨੀ ਪੱਧਰ ’ਤੇ ਨਜ਼ਰ ਮਾਰੀ ਜਾਵੇ ਤਾਂ ਸ਼ਹਿਰ ’ਚ ਟ੍ਰੈਫਿਕ ਜਾਮ ਦਾ ਇੰਨਾ ਬੁਰਾ ਹਾਲ ਹੈ ਕਿ 15-20 ਮਿੰਟ ਦੇ ਸਫਰ ਲਈ ਡੇਢ ਤੋਂ ਦੋ ਘੰਟੇ ਲੱਗਦੇ ਹਨ। ਟਰੈਫਿਕ ਜਾਮ ਕਾਰਨ ਸ਼ਹਿਰ ਵਾਸੀ ਲੱਖਾਂ ਰੁਪਏ ਦਾ ਡੀਜਲ ਤੇ ਪੈਟਰੋਲ ਜਾਮ ਵਿੱਚ ਖੜ੍ਹੇ ਹੋ ਕੇ ਫੂੰਕ ਰਹੇ ਹਨ, ਇਨ੍ਹਾਂ ਹੀ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਪੈਸੇ ਦੇ ਨਾਲ ਨਾਲ ਸਮਾਂ ਦੀ ਵੀ ਬਰਬਾਦੀ ਹੋ ਰਹੀ ਹੈ। ਬਾਜ਼ਾਰਾਂ ਦੀ ਗੱਲ ਕਰੀਏ ਤਾਂ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਲੋੜ ਤੋਂ ਵੱਧ ਜਗ੍ਹਾ ਘੇਰ ਕੇ ਸਾਮਾਨ ਵੇਚ ਰਹੇ ਹਨ ਤੇ ਉਨ੍ਹਾਂ ਕੋਲ ਆਉਣ ਵਾਲੇ ਗ੍ਰਾਹਕ ਸੜਕਾਂ ’ਤੇ ਹੀ ਗੱਡੀਆਂ ਪਾਰਕ ਕਰ ਰਹੇ ਹਨ, ਜਿਸ ਕਾਰਨ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਹੈ।
35 ਲੱਖ ਦੀ ਆਬਾਦੀ ਵਾਲੇ ਸ਼ਹਿਰ ’ਚ ਟਰੈਫਿਕ ਕੰਟਰੋਲ ਲਈ ਸਿਰਫ਼ 225 ਮੁਲਾਜ਼ਮ
ਲੁਧਿਆਣਾ ’ਚ ਆਬਾਦੀ ਲਗਾਤਾਰ ਵੱਧ ਰਹੀ ਹੈ ਜਿਸ ਦੇ ਨਾਲ ਵਾਹਨਾਂ ਦੀ ਗਿਣਤੀ ਵੀ ਵੱਧ ਰਹੀ ਹੈ। ਇਸ ਸਮੇਂ ਸ਼ਹਿਰ ’ਚ 35 ਲੱਖ ਤੋਂ ਵੱਧ ਆਬਾਦੀ ਦੱਸੀ ਜਾਂਦੀ ਹੈ, ਹੈਰਾਨੀ ਦੀ ਗੱਲ ਹੈ ਕਿ ਇਨੀਂ ਆਬਾਦੀ ਨੂੰ ਕੰਟਰੋਲ ਕਰਨ ਲਈ ਅਤੇ ਟਰੈਫਿਕ ਨਾਲ ਨਜਿੱਠਣ ਲਈ ਸਿਰਫ਼ 225 ਟਰੈਫਿਕ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਹਨ। 225 ਮੁਲਾਜ਼ਮ ਸ਼ਹਿਰ ਨੂੰ ਆਖਰ ਜਾਮ ਤੋਂ ਕਿਵੇਂ ਨਿਜਾਤ ਕਿਵੇਂ ਦਵਾ ਸਕਦੇ ਹਨ। ਸੜਕਾਂ ’ਤੇ ਟਰੈਫਿਕ ਕੰਟਰੋਲ ਕਰਨ ਲਈ ਕਿਸੇ ਸਮੇਂ ਤਾਂ ਆਮ ਲੋਕਾਂ ਨੂੰ ਖੁਦ ਪੁਲੀਸ ਦਾ ਸਾਥ ਦੇਣਾ ਪੈਂਦਾ ਹੈ। ਕਈ ਵਾਰ ਬਹਿਸ ਵੀ ਹੁੰਦੀ ਹੈ, ਪਰ ਫਿਰ ਵੀ ਟ੍ਰੈਫਿਕ ਕੰਟਰੋਲ ਕਰਨ ’ਚ ਉਹ ਲੋਕ ਲੱਗੇ ਰਹਿੰਦੇ ਹਨ।
ਸਰਕਾਰ ਦੇ ਹੁਕਮਾਂ ਕਾਰਨ ਰੇਹੜੀ ਫੜ੍ਹੀ ਵਾਲਿਆਂ ਨੂੰ ਨਹੀਂ ਰੋਕ ਰਹੇ: ਏਡੀਜੀਪੀ
ਨਵੇਂ ਏਡੀਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਕਰੋਨਾ ਕਾਰਨ ਪਿਛਲੀ ਵਾਰ ਲੋਕ ਦੀਵਾਲੀ ਚੰਗੇ ਤਰੀਕੇ ਨਾਲ ਨਹੀਂ ਮਨਾ ਪਾਏ ਸਨ। ਸਰਕਾਰ ਵੱਲੋਂ ਇਸ ਵਾਰ ਹੁਕਮ ਹਨ ਕਿ ਰੇਹੜੀ ਫੜ੍ਹੀ ਵਾਲਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਸ਼ਹਿਰ ’ਚ ਟਰੈਫਿਕ ਜਾਮ ਉਨ੍ਹਾਂ ਰੇਹੜੀ ਫੜ੍ਹੀ ਅਤੇ ਦੁਕਾਨਦਾਰਾਂ ਦੇ ਕਾਰਨ ਲੱਗਿਆ ਹੈ, ਜੋ ਸੜਕ ਵਿਚਕਾਰ ਹਨ ਤੇ ਦੁਕਾਨਦਾਰਾਂ ਦਾ ਸਾਮਾਨ ਵੀ ਦੁਕਾਨਾਂ ਦੇ ਬਾਹਰ ਲੱਗਿਆ ਹੋਇਆ ਹੈ ਜਿਸ ਕਾਰਨ ਥੋੜ੍ਹੀ ਪ੍ਰੇਸ਼ਾਨੀ ਆ ਰਹੀ ਹੈ। ਕੁਝ ਇਲਾਕਿਆਂ ’ਚ ਨਵੀਂਆਂ ਸੜਕਾਂ ਬਣ ਰਹੀਆਂ ਹਨ, ਜਿਸ ਕਾਰਨ ਜਾਮ ਦੀ ਸਥਿਤੀ ਬਣੀ ਹੋਈ ਹੈ। ਬਾਕੀ ਹਰ ਜਗ੍ਹਾ ’ਤੇ ਟੀਮਾਂ ਲਾਈਆਂ ਗਈਆਂ ਹਨ, ਜੋ ਕਿ ਟਰੈਫਿਕ ਕੰਟਰੋਲ ਕਰਨ ’ਚ ਲੱਗੀਆਂ ਹੋਈਆਂ ਹਨ।