ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਜੂਨ
ਨਗਰ ਸੁਧਾਰ ਟਰੱਸਟ ਵੱਲੋਂ ਬਣਾਏ ਜਾ ਰਹੇ ਅਟਲ ਅਪਾਰਟਮੈਂਟਸ ਦੇ ਡਰਾਅ ਅੱਜ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੀ ਅਗਵਾਈ ਹੇਠ ਅੱਜ ਸਥਾਨਕ ਨਹਿਰੂ ਸਿਧਾਂਤ ਕੇਂਦਰ ’ਚ ਕੱਢੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਫਲੈਟਾਂ ਦੇ ਲਾਭਪਾਤਰੀਆਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 240 ਮਿਡਲ ਇਨਕਮ ਗਰੁੱਪ (ਐਮ.ਆਈ.ਜੀ.) ਫਲੈਟਾਂ ਦੇ ਡਰਾਅ ਲਾਭਪਾਤਰੀਆਂ ਦੇ ਸਾਹਮਣੇ ਕੱਢੇ ਗਏ ਅਤੇ ਸਮਾਗਮ ਦੀ ਲਾਈਵ ਵੈਬਕਾਸਟਿੰਗ ਵੀ ਕਰਵਾਈ ਗਈ, ਜਿਸ ਨੂੰ ਯੂਟਿਊਬ ’ਤੇ ਲਾਈਵ ਕੀਤਾ ਗਿਆ। ਸਮਾਗਮ ਮੌਕੇ ਐਲਏਸੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਸੁਪਰਡੈਂਟ ਇੰਜਨੀਅਰ ਸੱਤਭੂਸ਼ਨ ਸਚਦੇਵਾ ਤੇ ਕਾਰਜਕਾਰੀ ਅਫਸਰ ਕੁਲਬੀਰ ਕੌਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਮਲਿਕ ਵੱਲੋਂ ਡਰਾਅ ਪ੍ਰਕਿਰਿਆ ਵਿੱਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਗਈ। ਐਲ.ਏ.ਸੀ. ਨੀਰੂ ਕਤਿਆਲ ਨੇ ਦੱਸਿਆ ਕਿ ਇਹ ਹਾਊਸਿੰਗ ਪ੍ਰੋਜੈਕਟ 8.8 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਅਤੇ ਜਿਹੜਾ ਕਿ ਕਮਿਊਨਿਟੀ ਸੈਂਟਰ, ਸਵੀਮਿੰਗ ਪੂਲ, ਜਿਮਨੇਜ਼ੀਅਮ, ਛੋਟਾ ਵਪਾਰਕ ਕੇਂਦਰ ਅਤੇ ਪਾਰਕਿੰਗ ਸਮੇਤ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰੋਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।