ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਮਈ
ਜਲੰਧਰ ਬਾਈਪਾਸ ਕੋਲ ਮੰਗਲਵਾਰ ਦੀ ਸਵੇਰੇ ਕਰੀਬ 8 ਵਜੇ ਭੌਰਾ ਚੌਕ ਕੱਟ ਕੋਲ ਰੇਤੇ ਨਾਲ ਭਰੇ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਦਰੜ ਦਿੱਤਾ। ਹਾਦਸੇ ਵਿੱਚ ਬਜ਼ੁਰਗ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਤੇ ਉਸਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਦਕਿ ਹਾਦਸੇ ਮਗਰੋਂ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਆਪਸਾਸ ਦੇ ਲੋਕਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਸਲੇਮ ਟਾਬਰੀ ਦੀ ਪੁਲੀਸ ਜ਼ਖਮੀ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਦੀ ਪਛਾਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੀਲੋਵਾਲ ਵਾਸੀ ਬਲਵੀਰ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਰੇਤੇ ਨਾਲ ਭਰਿਆ ਟਿੱਪਰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਬਲਵੀਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਉਹ ਅੱਜ ਲੁਧਿਆਣਾ ਆਪਣੇ ਕਿਸੇ ਕੰਮ ਲਈ ਆਇਆ ਸੀ ਜਦੋਂ ਉਹ ਜਲੰਧਰ ਬਾਈਪਾਸ ਨਜ਼ਦੀਕ ਭੌਰਾ ਚੌਕ ਕੱਟ ਕੋਲ ਉਤਰਨ ਲੱਗਿਆ ਤਾਂ ਇਸ ਦੌਰਾਨ ਪਿੱਛੋਂ ਆ ਰਹੇ ਟਿੱਪਰ ਨੇ ਉਸ ਨੂੰ ਦਰੜ ਦਿੱਤਾ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਬਜ਼ੁਰਗ ਦੀ ਹਾਲਤ ਬੇਹੱਦ ਨਾਜ਼ੁਕ ਹੈ, ਜਿਸ ਕਾਰਨ ਉਸਨੂੰ ਹਸਪਤਾਲ ’ਚ ਪਹਿਲ ਦੇ ਆਧਾਰ ’ਤੇ ਭੇਜ ਦਿੱਤਾ ਗਿਆ। ਟਿੱਪਰ ਚਾਲਕ ਨੂੰ ਕਾਬੂ ਕਰ ਲਿਆ ਹੈ। ਮੌਕੇ ’ਤੇ ਮੌਜੂਦ ਇਲਾਕਾ ਵਰਿੰਦਰ ਨੇ ਦੱਸਿਆ ਕਿ ਕੁਝ ਬੱਸ ਮਾਫ਼ੀਆ ਦੇ ਲੋਕਾਂ ਵੱਲੋਂ ਇਹ ਕੱਟ ਗੈਰਕਾਨੂੰਨੀ ਤੌਰ ’ਤੇ ਖੋਲ੍ਹਿਆ ਗਿਆ ਹੈ, ਰੋਜ਼ ਹਾਦਸੇ ਹੋ ਰਹੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਇੱਥੇ ਹਾਦਸੇ ਵਿੱਚ 2 ਔਰਤਾਂ ਮੌਤ ਹੋਈ ਸੀ।