ਰਾਮ ਗੋਪਾਲ ਰਾਏਕੋਟੀ
ਰਾਏਕੋਟ, 7 ਮਈ
ਇਥੋਂ ਦੇ ਤਲਵੰਡੀ ਗੇਟ ਤੋਂ ਹਰੀ ਸਿੰਘ ਨਲੂਆ ਚੌਂਕ ਦੇੇ ਇਲਾਕੇ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਇਲਾਕੇ ਵਜੋਂ ਜਾਣਿਆ ਜਾਂਦਾ ਹੈ। ਕੁੱਝ ਸਮਾਂ ਪਹਿਲਾਂ ਨਗਰ ਕੌਂਸਲ ਨੇ ਲੱਖਾਂ ਰੁਪਏ ਖਰਚ ਕੇ ਇਸ ਸੜਕ ਦਾ ਨਵ ਨਿਰਮਾਣ ਕਰਵਾਇਆ ਸੀ ਤੇ ਇਸ ਨੂੰ ਸ਼ਹਿਰ ਦੀ ਬੇਹਤਰੀਨ ਸੜਕ ਵਜੋਂ ਜਾਣਿਆ ਜਾਂਦਾ ਸੀ।
ਸ਼ਹਿਰ ਦੇ ਸਾਰੇ ਬੈਂਕ ਤੇ ਕਈ ਪ੍ਰਮੁੱਖ ਮੈਡੀਕਲ ਸਟੋਰ ਇਸ ਸੜਕ ’ਤੇ ਸਥਿਤ ਹਨ। ਜਦੋਂ ਤੋਂ ਲੌਕਡਾਊਨ ਸ਼ੁਰੂ ਹੋਇਆ ਹੈ ਬੈਂਕਾਂ ਤੇ ਮੈਡੀਕਲ ਸਟੋਰਾਂ ’ਤੇ ਭੀੜ ਦੇਖੀ ਜਾ ਰਹੀ ਹੈ। ਗਾਹਕਾਂ ਨੂੰ ਧੁੱਪ ਤੋਂ ਬਚਾਉਣ ਲਈ ਬੈਂਕਾਂ ਤੇ ਕਈ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਅੱਗੇ ਟੈਂਟ ਲਗਾ ਦਿੱਤੇ ਹਨ। ਇਹਨਾਂ ਟੈਂਟਾਂ ਦੀਆਂ ਪਾਈਪਾਂ ਨੂੰ ਕਿਸੇ ਸਟੈਂਡ ਆਦਿ ’ਚ ਲਗਾਉਣ ਦੀ ਥਾਂ ਹਰ ਇਕ ਨੇ ਸੜਕ ਨੂੰ ਪੁੱਟ ਕੇ ਟੈਂਟ ਦੀਆਂ ਪਾਈਪਾਂ ਗੱਡ ਦਿੱਤੀਆਂ ਹਨ। ਟੈਂਟ ਵਾਲਿਆਂ ਵਲੋਂ ਸੜਕ ਪੁੱਟੇ ਜਾਣ ਨੂੰ ਕੋਈ ਵੀ ਕੌਂਸਲ ਅਧਿਕਾਰੀ, ਬੈਂਕ ਅਧਿਕਾਰੀ ਜਾਂ ਦੁਕਾਨਦਾਰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਸਬੰਧੀ ਟੈਂਟ ਵਾਲਿਆਂ ਨੂੰ ਨੋਟਿਸ ਭੇਜ ਰਹੇ ਹਨ ਤੇ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਕਾਰਵਾਈ ਦਾ ਵੀ ਭਰੋਸਾ ਦਿੱਤਾ।