ਗੁਰੂਸਰ ਸੁਧਾਰ, 9 ਸਤੰਬਰ
ਭਾਰਤੀ ਹਵਾਈ ਸੈਨਾ ਹਲਵਾਰਾ ਦੇ ਦਿਲਬਾਗ ਐਨਕਲੇਵ (ਘਰੇਲੂ ਕੰਪਲੈਕਸ) ਦੀ ਸੀਮਾ ਨਾਲ ਲੱਗਦੀ ਬੇਸ਼ਕੀਮਤੀ ਜ਼ਮੀਨ ਦੀ ਖ਼ਰੀਦ-ਫ਼ਰੋਖ਼ਤ ਵਿਚ ਪਿਛਲੇ ਸਮੇਂ ਦੌਰਾਨ ਹੋਏ ਵੱਡੇ ਹੇਰ-ਫੇਰ ਦੇ ਮਾਮਲੇ ਦੀ ਜਾਂਚ ਸੁਧਾਰ ਪੁਲੀਸ ਤੋਂ ਬਾਅਦ ਹੁਣ ਤਹਿਸੀਲਦਾਰ ਰਾਏਕੋਟ ਨੇ ਵੀ ਸ਼ੁਰੂ ਕਰ ਦਿੱਤੀ ਹੈ। ਅੱਜ ਜਾਂਚ ਦੌਰਾਨ ਤਹਿਸੀਲਦਾਰ ਸਾਹਮਣੇ ਪੇਸ਼ ਹੋਏ ਨਵੀਂ ਆਬਾਦੀ ਅਕਾਲਗੜ੍ਹ ਵਾਸੀ ਬਾਵਾ ਸਿੰਘ ਜੱਸਲ ਨੇ ਆਪਣੇ ਬਿਆਨਾਂ ਵਿਚ ਸਪੱਸ਼ਟ ਦੋਸ਼ ਲਾਏ ਹਨ ਕਿ ਮਹਿੰਗੇ ਭਾਅ ਦੀ ਇਸ ਜ਼ਮੀਨ ਦੀਆਂ ਰਜਿਸਟਰੀਆਂ ਕਿਸੇ ਹੋਰ ਥਾਂ ਦੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਖ਼ਰੀਦਦਾਰਾਂ ਨੂੰ ਕਬਜ਼ੇ ਹਵਾਈ ਸੈਨਾ ਦੀ ਚਾਰਦੀਵਾਰੀ ਤੋਂ ਬਾਹਰ ਰਹਿ ਗਈ ਸਰਕਾਰੀ ਜ਼ਮੀਨ ਉੱਪਰ ਦਿੱਤੇ ਜਾਂਦੇ ਹਨ।
ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ ਨੇ ਇਸ ਮਾਮਲੇ ਵਿਚ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਸ ਦੀ ਵਿਭਾਗੀ ਜਾਂਚ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਆਰੰਭ ਦਿੱਤੀ ਹੈ। ਸ਼੍ਰੋਮਣੀ ਭਗਤ ਨਾਮਦੇਵ ਸੰਸਥਾ ਦੇ ਸਾਬਕਾ ਜਨਰਲ ਸਕੱਤਰ ਬਾਵਾ ਸਿੰਘ ਜੱਸਲ ਨੇ ਦੱਸਿਆ ਕਿ ਧਾਰਮਿਕ ਸੰਸਥਾ ਵੱਲੋਂ ਖਰੀਦੀ ਗਈ 10 ਮਰਲੇ ਜ਼ਮੀਨ ਦੇ ਮਾਮਲੇ ਵਿਚ ਵੀ ਅਜਿਹਾ ਹੀ ਵਾਪਰਿਆ ਹੈ। ਜੱਸਲ ਅਨੁਸਾਰ ਰਜਿਸਟਰੀ ਦੇ ਢੰਗ ਤਰੀਕੇ ਸ਼ੱਕੀ ਜਾਪਦੇ ਸੀ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਆਪਣੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਆਰੰਭੀ ਤਾਂ ਪਤਾ ਲੱਗਾ ਕਿ ਜਿਹੜੀ ਥਾਂ ਦਾ ਕਬਜ਼ਾ ਦਿੱਤਾ ਗਿਆ ਹੈ, ਉਹ ਤਾਂ ਹਵਾਈ ਸੈਨਾ ਦੀ ਮਾਲਕੀ ਵਾਲੀ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕਿਧਰੇ ਸੁਣਵਾਈ ਨਾ ਹੋਣ ਬਾਅਦ ਉਨ੍ਹਾਂ ਮਾਰਚ 2018 ਵਿਚ ਧਾਰਮਿਕ ਸੰਸਥਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਖ਼ੁਦ ਮਾਲ ਵਿਭਾਗ ਦਾ ਰਿਕਾਰਡ ਹਾਸਲ ਕਰ ਕੇ ਭੂਗੋਲਿਕ ਸਥਿਤੀ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਨੇੜੇ ਹੀ ਕੱਟੀਆਂ ਗਈਆਂ ਕਈ ਨਾਜਾਇਜ਼ ਕਲੋਨੀਆਂ ਦੇ ਮਾਲਕਾਂ ਨੇ ਰਸਤਿਆਂ ਵਿਚ ਆਉਂਦੀ ਜ਼ਮੀਨ ਦੀਆਂ ਨਾਜਾਇਜ਼ ਰਜਿਸਟਰੀਆਂ ਕਰਵਾ ਕੇ ਖ਼ਰੀਦਦਾਰਾਂ ਨੂੰ ਲਾਲਚ ਦੇ ਕੇ ਕਬਜ਼ਾ ਸਰਕਾਰੀ ਜ਼ਮੀਨ ਉੱਪਰ ਕਰਵਾ ਦਿੱਤਾ ਹੈ। ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਉਹ ਜਲਦ ਮੌਕੇ ਦਾ ਖੁਦ ਮੁਆਇਨਾ ਕਰਨਗੇ।