ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 20 ਮਈ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਅਤੇ ਅਣਅਧਿਕਾਰਤ ਵਰਤੋਂ ਨੂੰ ਚੈਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਅਧਿਕਾਰੀਆਂ ਲਈ ਔਕੜਾਂ ਭਰੀ ਬਣਦੀ ਜਾ ਰਹੀ ਹੈ। ਜਦੋਂ ਕਿ ਬਿਜਲੀ ਬੋਰਡ ਅਧਿਕਾਰੀਆਂ ਨੇ ਪਾਵਰ ਸਪਲਾਈ ਦੇ ਸੁਚਾਰੂ ਪ੍ਰਬੰਧ ਲਈ ਇਸ ਮੁਹਿੰਮ ਨੂੰ ਜ਼ਰੂਰੀ ਦੱਸਦਿਆਂ ਆਮ ਲੋਕਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ, ਕਥਿਤ ਤੌਰ ’ਤੇ ਸਿਆਸੀ ਸ਼ਹਿ ਪ੍ਰਾਪਤ ਖਪਤਕਾਰਾਂ ਵੱਲੋਂ ਚੈਕਿੰਗ ਕਰ ਰਹੀਆਂ ਟੀਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਈ ਥਾਈਂ ਤਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪੁਲੀਸ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ। ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਹਠੂਰ ਵਿੱਚ ਦਰਜ ਸ਼ਿਕਾਇਤ ਅਨੁਸਾਰ ਜਦੋਂ ਐੱਸਡੀਓ ਲੱਖਾ, ਕੇਸਰ ਸਿੰਘ ਦੇ ਨਿਰਦੇਸ਼ਾਂ ਹੇਠ ਜੂਨੀਅਰ ਇੰਜਨੀਅਰ ਸੁਖਦੇਵ ਸਿੰਘ ਆਪਣੀ ਟੀਮ ਨਾਲ ਪਿੰਡ ਬੁਰਜ ਕਲਾਰਾਂ ਵਿੱਚ ਲੋਡ ਚੈਕਿੰਗ ਲਈ ਘਰਾਂ ਦੇ ਬਾਹਰ ਲੱਗੇ ਮੀਟਰ ਚੈਕ ਕਰਨ ਗਏ ਤਾਂ ਮਹਿਲਾ ਸਰਪੰਚ ਸੁਖਪਾਲ ਕੌਰ ਦੇ ਪਤੀ ਨਿਰਮਲ ਸਿੰਘ ਨੇ ਟਰੈਕਟਰ ਖੜ੍ਹਾ ਕਰਕੇ ਉਸ ਨੂੰ ਅੱਗੇ ਜਾਣ ਤੋਂ ਰੋਕ ਲਿਆ ਅਤੇ ਜੇਈ ਨਾਲ ਹੱਥੋਪਾਈ ਕਰਨ ਤੋਂ ਇਲਾਵਾ ਸਰਕਾਰੀ ਬੋਲੈਰੇ ਦੇ ਸ਼ੀਸ਼ੇ ਆਦਿ ਭੰਨ ਦਿੱਤੇ। ਪੁਲੀਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸੇ ਤਰ੍ਹਾਂ ਬਿਜਲੀ ਡਿਵੀਜ਼ਨ ਅਹਿਮਦਗੜ੍ਹ ਅਧੀਨ ਪੈਂਦੇ ਪਿੰਡਾਂ ਖੇੜਾ, ਸਿਆੜ ਅਤੇ ਮਲਿਕਪੁਰ ਵੀ ਸਮੱਸਿਆ ਪੈਦਾ ਹੋਈ ਦੱਸੀ ਗਈ। ਸੀਨੀਅਰ ਕਾਰਜਕਾਰੀ ਇੰਜਨੀਅਰ ਅਮਨਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਕੁੱਝ ਕੇਸਾਂ ਵਿੱਚ ਪੁਲੀਸ ਕੋਲ ਸ਼ਿਕਾਇਤ ਕਰਨੀ ਪਈ ਹੈ ਪਰ ਟੀਮਾਂ ਦਾ ਵਿਰੋਧ ਕਰਨ ਵਾਲਿਆਂ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕਰਨ ਤੋਂ ਬਾਅਦ ਮਾਮਲੇ ਰਫਾ ਦਫਾ ਕਰ ਦਿੱਤੇ ਗਏ। ਸ੍ਰੀ ਖੰਗੂੜਾ ਨੇ ਖਪਤਕਾਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਚੱਲਦੀ ਰੱਖਣ ਲਈ ਲੋਡ ਚੈਕਿੰਗ ਅਤੇ ਚੋਰੀ ਫੜਨ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਜਾਵੇ। ਸ੍ਰੀ ਖੰਗੂੜਾ ਨੇ ਉਨ੍ਹਾਂ ਖਪਤਕਾਰਾਂ ਦੀ ਸ਼ਲਾਘਾ ਕੀਤੀ ਜਿਹੜੇ ਖੁਦ ਬੇਨਤੀ ਕਰਕੇ ਲੋਡ ਚੈਕਿੰਗ ਜਾਂ ਮੀਟਰਾਂ ਦੇ ਨੁਕਸ ਇਨਫੋਰਸਮੈਂਟ ਵਿੰਗ ਤੋਂ ਚੈਕ ਕਰਵਾ ਰਹੇ ਹਨ।