ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਦਸੰਬਰ
ਆਪਣੀਆਂ ਮੰਗਾਂ ਸਬੰਧੀ ਕੱਲ੍ਹ ਸਵੇਰੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ 5 ਠੇਕਾ ਮੁਲਾਜ਼ਮਾਂ ਨੂੰ ਦੇਰ ਰਾਤ ਐਕਸੀਅਨ ਵੱਲੋਂ ਲਿਖਤੀ ਰੂਪ ’ਚ ਭਰੋਸਾ ਮਿਲਣ ਉਪਰੰਤ ਹੇਠਾਂ ਉਤਾਰਿਆ ਗਿਆ। ਦੱਸਣਯੋਗ ਹੈ ਲਗਾਤਾਰ ਕਈ ਦਿਨਾਂ ਤੋਂ ਸੰਘਰਸ਼ ’ਤੇ ਬੈਠੇ ਠੇਕਾ ਮੁਲਾਜ਼ਮ ਵਿਭਾਗ ਦੇ 5 ਮੈਂਬਰ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਾ ਹੋਣ ’ਤੇ ਸਬਜ਼ੀ ਮੰਡੀ ਖੰਨਾ ਸਥਿਤ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ ਸਨ। ਜਿੰਨ੍ਹਾਂ ਨੂੰ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ, ਡੀਐਸਪੀ ਰਾਜਨ ਪਰਮਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਪ੍ਰਤੂੰ ਉਹ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾਂ ਕਿਸੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਨਹੀਂ ਹੋਏ। ਇਸ ਮੌਕੇ ਪ੍ਰਸਾਸ਼ਨ ਵੱਲੋਂ ਕਾਰਜਕਾਰੀ ਇੰਜਨੀਅਰ ਮੰਡਲ ਖੰਨਾ ਦੇ ਐਕਸੀਅਨ ਸਾਹਿਲ ਆਨੰਦ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਕੇ ਲਿਖਤੀ ਭਰੋਸਾ ਦਿੱਤਾ ਅਤੇ ਜਿੱਤ ਦੇ ਹਾਰ ਪਾ ਕੇ ਟੈਂਕੀ ਤੋਂ ਹੇਠਾਂ ਉਤਾਰਿਆ। ਇਸ ਮੌਕੇ ਪ੍ਰਧਾਨ ਕਰਮ ਚੰਦ ਫਰੋਰ ਸਿੰਘ ਨੇ ਦੱਸਿਆ ਕਿ ਐਕਸੀਅਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਯੂਨੀਅਨ ਵੱਲੋਂ ਦਿੱਤੇ ਰੇਟ ਦੀਆਂ ਨਵੀਆਂ ਕੁਟੇਸ਼ਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੀ ਬਣਦੀ ਤਨਖ਼ਾਹ ਬਿੱਲ 5 ਦਸਬੰਰ 2020 ਤੱਕ ਖ਼ਜ਼ਾਨਾ ਦਫ਼ਤਰ ਭੇਜ ਦਿੱਤੇ ਜਾਣਗੇ। ਇਸ ਮੌਕੇ ਭੁਪਿੰਦਰ ਸਿੰਘ ਕੁਤਬੈਵਾਲ, ਕੁਲਦੀਪ ਸਿੰਘ ਬੁੱਢੇਵਾਲ, ਰਵਿੰਦਰ ਸਿੰਘ ਮਾਣਕੀ, ਦਲਵੀਰ ਸਿੰਘ ਗੱਲਵਡੀ, ਗੁਰਪ੍ਰੀਤ ਸਿੰਘ ਸਮਰਾਲਾ, ਜਗਜੀਤ ਸਿੰਘ ਭੁਖੜੀ, ਹਾਕਮ ਸਿੰਘ, ਚਰਨ ਸਿੰਘ ਗੋਸਪੁਰ, ਜਗਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਜੱਲਾ, ਗੁਰਦੀਪ ਸਿੰਘ, ਬਲਵੀਰ ਸਿੰਘ, ਨਰਿੰਦਰਪਾਲ ਸਿੰਘ ਹਾਜ਼ਰ ਸਨ।