ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਜਨਵਰੀ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ ਅੰਤਰਰਾਸ਼ਟਰੀ ਪੱਧਰ ‘ਤੇ ਸਕੂਲ ਵਿਦਿਆਰਥੀਆਂ ਲਈ 1 ਤੋਂ 7 ਦਸੰਬਰ 2020 ਤੱਕ ਕਰਵਾਏ ਗਏ ਆਨਲਾਈਨ ਨੈਤਿਕ ਸਿੱਖਿਆ ਇਮਤਿਹਾਨ-2020 ਦਾ ਨਤੀਜਾ ਅੱਜ ਯੂ-ਟਿਊਬ ਰਾਹੀਂ ਐਲਾਨਿਆ ਗਿਆ। ਜਥੇਬੰਦੀ ਦੇ ਚੀਫ਼ ਸਕੱਤਰ ਹਰਮੋਹਿੰਦਰ ਸਿੰਘ ਨੰਗਲ ਨੇ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਅਰਸ਼ਦੀਪ ਸਿੰਘ ਨੇ, ਦੂਸਰਾ ਸਥਾਨ ਸ਼ਿਵਾਲਿਕ ਪਬਲਿਕ ਸਕੂਲ ਮੁਕਤਸਰ ਰੋਡ ਜੈਤੋਂ ਦੀ ਹਰਮਨਜੋਤ ਕੌਰ ਨੇ ਅਤੇ ਤੀਜਾ ਸਥਾਨ ਬਾਬਾ ਖੁਸ਼ਦਿਲ ਮਾਡਲ ਪਬਲਿਕ ਸਕੂਲ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਾਜ਼ਿਲਕਾ ਦੀ ਸੈਂਡੀ ਵਾਟਸ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਜਾਬ ਤੋਂ ਇਲਾਵਾ ਬਾਕੀ ਰਾਜਾਂ ਦੇ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਰਲੀਨ ਕੌਰ ਅਤੇ ਦੂਸਰਾ ਸਥਾਨ ਅੰਮ੍ਰਿਤ ਕੌਰ, ਮਰੀਅਮਪੁਰ ਸੀਨੀਅਰ ਸੈਕੰਡਰੀ ਸਕੂਲ ਕਾਨਪੁਰ (ਉੱਤਰ ਪ੍ਰਦੇਸ਼) ਅਤੇ ਤੀਜਾ ਸਥਾਨ ਕਮਲਪ੍ਰੀਤ ਕੌਰ, ਬ੍ਰਾਈਟ ਫਿਊਚਰ ਇੰਟਰਨੈਸ਼ਨਲ ਅਕਾਲ ਅਕੈਡਮੀ ਖਾਨ ਅਹਿਮਦਪੁਰ ਬਰਾੜਾ (ਹਰਿਆਣਾ) ਨੇ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ਵਾਲੇ ਵਿਦਿਆਰਥੀ ਨੂੰ 11000 ਰੁਪਏ, ਦੂਸਰੇ ਸਥਾਨ ਵਾਲੇ ਨੂੰ 7100 ਰੁਪਏ ਅਤੇ ਤੀਸਰੇ ਸਥਾਨ ਵਾਲੇ ਵਿਦਿਆਰਥੀ ਨੂੰ 5100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।