ਸਤਵਿੰਦਰ ਬਸਰਾ
ਲੁਧਿਆਣਾ, 28 ਸਤੰਬਰ
ਸ਼ਹੀਦ ਭਗਤ ਸਿੰਘ ਦਾ 115ਵਾਂ ਜਨਮ ਦਿਹਾੜਾ ਸ਼ਹਿਰ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ, ਸਮਾਜ ਸੇਵੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਜੋਸ਼ੋ-ਖਰੋਸ਼ ਨਾਲ ਮਨਾਇਆ ਅਤੇ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦਿੰਦਿਆਂ ਉਨ੍ਹਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ।
ਮਾਲਵਾ ਖਾਲਸਾ ਸਕੂਲ ਵਿੱਚ ਡਾ. ਕੰਵਲਪ੍ਰੀਤ ਕੌਰ ਦੇ ਮਾਰਗ ਦਰਸ਼ਨ ਹੇਠ ਕੌਮੀ ਸੇਵਾ ਯੋਜਨਾ ਇਕਾਈ ਤੇ ਐੱਨਸੀਸੀ ਕੈਡਿਟਾਂ ਵੱਲੋਂ ਸਮਾਗਮ ਕੀਤਾ ਗਿਆ ਜਿੱਥੇ ਪਰਮਬੀਰ ਸਿੰਘ ਅਤੇ ਡਾ. ਮਨੋਜ ਕੁਮਾਰ ਨੇ ਸ਼ਹੀਦ ਦੇ ਜੀਵਨ ਬਾਰੇ ਚਾਨਣਾ ਪਾਇਆ। ਖਾਲਸਾ ਕਾਲਜ ਫਾਰ ਵਿਮੈੱਨ ਵਿਖੇ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਾਈਕਲ ਰੈਲੀ ਕੱਢੀ ਗਈ। ਰੈਲੀ ਨੂੰ ਰਵਾਨਾ ਕਰਨ ਦੀ ਰਸਮ ਅਜ਼ਾਦੀ ਘੁਲਾਟੀਏ ਭਾਨ ਸਿੰਘ ਦੇ ਪੜਪੋਤਰੇ ਰਣਜੀਤ ਸਿੰਘ ਨੇ ਅਦਾ ਕੀਤੀ। ਪ੍ਰੋ. ਵਿਨੈ ਸੋਫਤ ਨੇ ‘ਸਮਕਾਲੀ ਭਾਰਤ ਵਿੱਚ ਭਗਤ ਸਿੰਘ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ ਰੱਖੇ। ਦੁਪਹਿਰ ਸਮੇਂ ਡਾ. ਸੋਮਪਾਲ ਹੀਰਾ ਦੇ ਨਿਰਦੇਸ਼ਨ ਹੇਠ ‘ਭਗਤ ਸਿੰਘ ਤੂੰ ਜਿੰਦਾ ਹੈ’ ਨਾਟਕ ਖੇਡਿਆ ਗਿਆ। ਸਰਕਾਰੀ ਕਾਲਜ ਲੜਕੀਆਂ ਵਿੱਚ ਪ੍ਰਿੰਸੀਪਲ ਸੁਮਨ ਲਤਾ ਦੀ ਅਗਵਾਈ ਹੇਠ ਪੀਪੀਟੀ, ਨਾਟਕ, ਦੇਸ਼ ਭਗਤੀ ਦੇ ਗੀਤ, ਕਵਿਤਾ ਉਚਾਰਨ ਅਤੇ ਖੂਨ ਦਾਨ ਕੈਂਪ ਲਾ ਕੇ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਕਮਲਾ ਲੋਹਟੀਆ ਕਾਲਜ ’ਚ ਪ੍ਰਿੰਸੀਪਲ ਡਾ. ਮੁਹੰਮਦ ਸਲੀਮ ਦੀ ਅਗਵਾਈ ’ਚ ਐਨਐਸਐਸ ਯੂਨਿਟ ਵੱਲੋਂ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਵਿੱਚ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵੱਖ ਵੱਖ ਗਤੀਵਿਧੀਆਂ ਰਾਹੀਂ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਜੀਐੱਨਕੇਸੀਡਬਲਯੂ ਵਿਖੇ ਕਾਲਜ ਦੇ ਵੱਖ ਵੱਖ ਵਿਭਾਗਾਂ, ਐੱਨਐੱਸਐੱਸ ਅਤੇ ਐਨਸੀਸੀ ਵਿੰਗ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਹੋਰ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਪਰਿੰਗ ਡੇਲ ਸਕੂਲ ਵਿੱਚ ’ਚ ਚੇਅਰਪਰਸਨ ਅਵੀਨਾਸ਼ ਕੌਰ ਵਾਲੀਆ ਦੀ ਅਗਵਾਈ ਵਿੱਚ ਸਮਾਗਮ ਮੌਕੇ ਵਿਦਿਆਰਥੀ ਭਗਤ ਸਿੰਘ ਦੇ ਪਹਿਰਾਵੇ ਪਾ ਕੇ ਪਹੁੰਚੇ। ਸਥਾਨਕ ਆਰੀਆ ਕਾਲਜ ਵਿੱਚ ਵੀ ਪ੍ਰਿੰ. ਡਾ. ਸੁਕਸ਼ਮ ਆਹਲੂਵਾਲੀਆ ਦੀ ਅਗਵਾਈ ਵਿੱਚ ਮੌਕੇ ਅਸ਼ੋਕ ਥਾਪਰ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ’ਚ ਬਾਬਾ ਸ਼ੀਨ ਸਿੰਘ ਗਿੱਲ ਅਤੇ ਪ੍ਰੋ. ਰਣਜੀਤ ਸਿੰਘ ਨੇ ਕਿਹਾ ਕਿ ਭਗਤ ਸਿੰਘ ਵੱਲੋਂ ਦਲੇਰੀ ਨਾਲ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਦਾ ਬਾਰੇ ਚਾਨਣਾ ਪਾਇਆ। ਨੌਜਵਾਨ ਸਭਾ ਬੀਆਰਐਸ ਨਗਰ ਦੇ ਸੱਦੇ ’ਤੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ’ਤੇ ਸਮਾਗਮ ਕਰਵਾਇਆ। ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ’ਤੇ ਹਾਰ ਪਾਏ ਗਏ। ਪੀਏਯੂ ਐਂਪਾਲਾਈਜ਼ ਯੂਨੀਅਨ ਨੇ ਪ੍ਰਧਾਨ ਬਲਦੇਵ ਸਿੰਘ ਵਾਲੀ ਦੀਆਂ ਅਗਵਾਈ ’ਚ ਸਮਾਗਮ ਕਰਵਾਇਆ। ਇਸ ਮੌਕੇ ਐਗਜ਼ੈਕਟਿਵ ਕੌਂਸਲ ਦੇ ਨੁਮਾਇੰਦੇ ਹਾਜ਼ਰ ਸਨ। ਉਕਤ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਮਾਰਨਿੰਗ ਵਾਕਰ ਕਲੱਬ ਸਮੇਤ ਹੋਰ ਕਈ ਜੱਥੇਬੰਦੀਆਂ ਨੇ ਸ਼ਹੀਦ ਦਾ ਜਨਮ ਦਿਨ ਮਨਾਇਆ।
ਜਨਮ ਦਿਹਾੜੇ ਮੌਕੇ ਪ੍ਰੈੱਸ ਐਸੋਸੀਏਸ਼ਨ ਨੇ ਲਾਇਆ ਖ਼ੂਨਦਾਨ ਕੈਂਪ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵੱਲੋਂ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਦੁੱਗਰੀ ਫੇਜ਼ ਇੱਕ ਦੀ ਮਾਰਕੀਟ ਵਿੱਚ ਸਥਿਤ ਰੈਂਪੇਜ ਜਿਮ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 565ਵਾਂ ਖੂਨਦਾਨ ਕੈਂਪ ਲਾਇਆ ਗਿਆ। ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਿੱਖ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਨੂੰ ‘ਪੰਜਾਬ ਦਾ ਮਾਣ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਮੱਕੜ ਅਤੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰਾਜਾ ਨੇ ਪੱਤਰਕਾਰ ਭਾਈਚਾਰੇ ਅਤੇ ਸਮਾਜ ਸੇਵਕਾਂ ਦਾ ਧੰਨਵਾਦ ਧੰਨਵਾਦ ਕਰਦਿਆਂ ਦੱਸਿਆ ਕਿ ਕੈਂਪ ਦੌਰਾਨ 50 ਖੂਨਦਾਨੀਆਂ ਨੇ ਖੂਨ-ਦਾਨ ਕਰਕੇ ਸ਼ਹੀਦ ਭਗਤ ਸਿੰਘ ਸ਼ਰਧਾਂਜਲੀ ਭੇਂਟ ਕੀਤੀ ਹੋ। ਇਸ ਮੌਕੇ ਗਲਾਡਾ ਅਧਿਕਾਰੀ ਅਮਰਿੰਦਰ ਸਿੰਘ ਮੱਲ੍ਹੀ ਨੇ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸੇ ਦੌਰਾਨ ਭਾਜਪਾ ਆਗੂ ਅਤੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਜਗਰਾਉਂ ਪੁਲ ਸਥਿਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤਾਂ ਤੇ ਫੁੱਲ ਮਾਲਾਵਾਂ ਭੇਟ ਕਰਕੇ ਮਨਾਇਆ ਗਿਆ। ਇਸ ਮੌਕੇ ਹੋਰ ਆਗੂ ਵੀ ਹਾਜ਼ਰ ਸਨ।