ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੁਲਾਈ
ਪਿਛਲੇ ਕਈ ਦਿਨਾਂ ਤੋਂ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਲਈ ਧਰਨੇ/ਮਰਨ ਵਰਤ ’ਤੇ ਬੈਠੇ ਵੈਟਰਨਰੀ ਵਿਦਿਆਰਥੀਆਂ ਨੇ ਅੱਜ ਮੰਗ ਪੂਰੀ ਹੋਣ ’ਤੇ ਧਰਨਾ ਖ਼ਤਮ ਕਰ ਦਿੱਤਾ ਹੈ। ਵਿਦਿਆਰਥੀਆਂ ਨੇ ਸਰਕਾਰ ਅਤੇ ’ਵਰਸਿਟੀ ਅਧਿਕਾਰੀਆਂ ਦਾ ਮੰਗ ਮੰਨਣ ’ਤੇ ਧੰਨਵਾਦ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਵੈਟਰਨਰੀ ਯੂਨੀਵਰਸਿਟੀ ਦੇ ਧਰਨੇ ’ਤੇ ਬੈਠੇ ਵਿਦਿਆਰਥੀ ਹੋਰਨਾਂ ਰਾਜਾਂ ਦੀ ਤਰ੍ਹਾਂ ਇੰਟਰਨਸ਼ਿਪ ਭੱਤਾ 17,000 ਰੁਪਏ ਕਰਨ ਦੀ ਮੰਗ ਕਰ ਰਹੇ ਸਨ। ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਵਿਦਿਆਰਥੀਆਂ ਦੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਸਾਰੀਆਂ ਸੇਵਾਵਾਂ ਬੰਦ ਕਰ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ।
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਅੱਜ ਯੂਨੀਵਰਸਿਟੀ ਬੋਰਡ ਆਫ ਮੈਨੇਜਮੈਂਟ ਦੀ ਮੀਟਿੰਗ 1 ਵਜੇ ਦੇ ਕਰੀਬ ਖ਼ਤਮ ਹੋਈ। ਇਸ ਤੋਂ ਬਾਅਦ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੈੱਡ ਟੀਚਿੰਗ ਵੈਟਰਨਰੀ ਕਲੀਨੀਕਲ ਕੰਪਲੈਕਸ ਡਾ. ਸਵਰਨ ਸਿੰਘ ਰੰਧਾਵਾ ਲਿਖਤੀ ਰੂਪ ਵਿੱਚ ਵਿਦਿਆਰਥੀਆਂ ਦੀਆਂ ਮੰਗਾਂ ਦੀ ਪ੍ਰਵਾਨਗੀ ਲੈ ਕੇ ਧਰਨੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਧਰਨਾ ਖ਼ਤਮ ਕਰਨ ਲਈ ਆਖਿਆ। ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਵਿਦਿਆਰਥੀਆਂ ਨੇ ਮੰਗ ਮੰਨੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵੀਰਵਾਰ ਤੋਂ ਯੂਨੀਵਰਸਿਟੀ ਵਿੱਚ ਸਾਰੀਆਂ ਵੈਟਰਨਰੀ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਭੱਤਾ ਐਮਬੀਬੀਐਸ ਵਿਦਿਆਰਥੀਆਂ ਦੀ ਤਰਜ਼ ’ਤੇ 15,000 ਰੁਪਏ ਦਿੱਤਾ ਜਾਵੇਗਾ।
ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਵੈਟਰਨਰੀ ਕੌਂਸਲ ਆਫ ਇੰਡੀਆ, ਵੈਟਰਨਰੀ ਟੀਚਰਜ਼ ਐਸੋਸੀਏਸ਼ਨ, ਪੰਜਾਬ ਸਟੇਟ ਵੈਟਰਨਰੀ ਅਫਸਰਜ਼ ਐਸੋਸੀਏਸ਼ਨ, ਰਾਜਨੀਤਕ ਆਗੂਆਂ ਅਤੇ ਅੱਜ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸੂਬਾਈ ਕੰਨਵੀਨਰ ਗਗਨਦੀਪ ਸਰਦੂਲਗੜ੍ਹ, ਮੋਨਿਕਾ ਢਿੱਲੋਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾਈ ਸਹਾਇਕ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਹਰਵਿੰਦਰ ਕੌਰ ਗਰੇਵਾਲ ਵਿਸ਼ੇਸ਼ ਤੌਰ ’ਤੇ ਸਮਰਥਨ ਦੇਣ ਪਹੁੰਚੇ।