ਸਮਾਰਟ ਸ਼ਹਿਰ ਦੇ ਮਿਨੀ ਸਕੱਤਰੇਤ ਦੀ ਹਾਲਤ ਖਸਤਾ

ਸਮਾਰਟ ਸ਼ਹਿਰ ਦੇ ਮਿਨੀ ਸਕੱਤਰੇਤ ਦੀ ਹਾਲਤ ਖਸਤਾ

ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਬਣੇ ਕਮਰੇ ਦੀ ਖਸਤਾ ਹਾਲਤ ਤੇ ਡਿੱਗਿਆ ਹੋਇਆ ਬੋਰਡ।

ਸਤਵਿੰਦਰ ਬਸਰਾ

ਲੁਧਿਆਣਾ, 2 ਅਗਸਤ

ਸਮਾਰਟ ਸ਼ਹਿਰ ਲੁਧਿਆਣਾ ਦੇ ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਲੱਗੇ ਬੋਰਡ ਅਤੇ ਬਣੇ ਕਮਰੇ ਦੀ ਹਾਲਤ ਇਸ ਦੇ ਸਮਾਰਟ ਹੋਣ ’ਤੇ ਕਈ ਸਵਾਲ ਖੜ੍ਹੇ ਕਰ ਰਹੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਸ ਲਾਂਘੇ ਰਾਹੀਂ ਰੋਜ਼ਾਨਾ ਸਵੇਰੇ ਉੱਚ ਅਧਿਕਾਰੀ ਆਪੋ ਆਪਣੇ ਦਫ਼ਤਰ ਆਉਂਦੇ ਅਤੇ ਫਿਰ ਸ਼ਾਮ ਨੂੰ ਘਰਾਂ ਨੂੰ ਵਾਪਸ ਜਾਂਦੇ ਹਨ। ਮਿਨੀ ਸਕੱਤਰੇਤ ਦੇ ਅੱਗੇ ਵਾਲੀ ਲਿੰਕ ਸੜਕ ਦੀ ਹਾਲਤ ਵੀ ਮਾੜੀ ਹੈ। ਇਸੇ ਤਰ੍ਹਾਂ ਮਿਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਬਣਿਆ ਕਮਰਾ ਵੀ ਆਪਣੀ ਹਕੀਕਤ ਖੁਦ ਬਿਆਨ ਕਰਦਾ ਨਜ਼ਰ ਆ ਰਿਹਾ ਹੈ। ਇਸ ਕਮਰੇ ਨੂੰ ਲੱਗੇ ਸ਼ੀਸ਼ੇ ਲੰਬੇ ਸਮੇਂ ਤੋਂ ਟੁੱਟੇ ਹੋਏ ਹਨ। ਕਈ ਲੋਕਾਂ ਤੋਂ ਤਾਂ ਇਹ ਵੀ ਸੁਣਨ ਨੂੰ ਮਿਲਿਆ ਕਿ ਇਹ ਕਮਰਾ ਸੁਰੱਖਿਆ ਮੁਲਾਜ਼ਮਾਂ ਲਈ ਬਣਾਇਆ ਗਿਆ ਸੀ ਤਾਂ ਜੋ ਮਿਨੀ ਸਕੱਤਰੇਤ ਵਿੱਚ ਆਉਣ-ਜਾਣ ਵਾਲਿਆਂ ’ਤੇ ਬਾਜ਼ ਅੱਖ ਰੱਖ ਸਕੇ ਪਰ ਲੱਗਦਾ ਹੈ ਕਿ ਹੁਣ ਇਹ ਕਮਰਾ ਖੁਦ ਹੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਕਮਰੇ ਦੇ ਉਪਰ ਹੀ ਲੱਗਾ ਮਿਨੀ ਸਕੱਤਰੇਤ ਦਾ ਬੋਰਡ ਵੀ ਪਿਛਲੇ ਕਈ ਮਹੀਨਿਆਂ ਤੋਂ ਡਿਗਿਆ ਹੋਇਆ ਹੈ ਪਰ ਇਸ ਵੱਲ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਵੱਲੀ ਨਜ਼ਰ ਨਹੀਂ ਪਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੀਆਂ ਮੁੱਖ ਇਮਾਰਤਾਂ ਦੀ ਹੀ ਦਿੱਖ ਅਜਿਹੀ ਹੋਣ ਲੱਗ ਗਈ ਤਾਂ ਸ਼ਹਿਰ ਦੀਆਂ ਹੋਰ ਥਾਂਵਾਂ ਦੀ ਹਾਲਤ ਦਾ ਤਾਂ ਅੰਦਾਜ਼ਾ ਲਾਉਣਾ ਬਹੁਤਾ ਮੁਸ਼ਕਲ ਨਹੀਂ ਹੋਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All