ਸੰਤੋਖ ਗਿੱਲ
ਰਾਏਕੋਟ, 1 ਸਤੰਬਰ
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਅਤੇ ਸੀਨੀਅਰ ਯੂਥ ਆਗੂ ਕਾਮਿਲ ਬੋਪਾਰਾਏ ਨੇ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪ੍ਰਸ਼ੋਤਮ ਰੁਪਾਲਾ ਨੂੰ ਮਿਲ ਕੇ ਪੰਜਾਬ ਵਿਚ ਵਿਆਪਕ ਪੱਧਰ ‘ਤੇ ਪਸ਼ੂਆਂ ਵਿਚ ਫੈਲੇ ਚਮੜੀ ਰੋਗ ਦੇ ਇਲਾਜ ਅਤੇ ਬਚਾਅ ਲਈ ਫ਼ੌਰੀ ਉਪਰਾਲਾ ਕਰਨ ਦੀ ਮੰਗ ਕੀਤੀ।
ਉਨ੍ਹਾਂ ਕੇਂਦਰੀ ਮੰਤਰੀ ਪ੍ਰਸ਼ੋਤਮ ਰੁਪਾਲਾ ਨੂੰ ਕਿਹਾ ਕਿ ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਜਿੱਥੇ ਪਸ਼ੂ ਧਨ ਦਾ ਵਿਆਪਕ ਜਾਨੀ ਨੁਕਸਾਨ ਨਾ ਹੋਇਆ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਪਸ਼ੂਆਂ ਦੀ ਇਸ ਬਿਮਾਰੀ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਪੰਜਾਬ ਦੇ ਗ਼ਰੀਬ ਪਸ਼ੂ-ਪਾਲਕਾਂ ਦੀ ਬਾਂਹ ਫੜਨ ਲਈ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਅਤੇ ਕਾਮਿਲ ਬੋਪਾਰਾਏ ਨੇ ਕੇਂਦਰੀ ਮੰਤਰੀ ਨੂੰ ਲਿਖੇ ਪੱਤਰ ਵਿੱਚ ਇਹ ਵੀ ਦੋਸ਼ ਲਾਇਆ ਕਿ ਸੂਬਾ ਸਰਕਾਰ ਅਤੇ ਦੁੱਧ ਉਤਪਾਦਕਾਂ ਦੇ ਦਾਅਵੇ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਕੇਵਲ ਸਵਾ ਲੱਖ ਪਸ਼ੂਆਂ ਦੇ ਬਿਮਾਰੀ ਦੀ ਲਪੇਟ ਵਿੱਚ ਆਉਣ ਦਾ ਦਾਅਵਾ ਕਰਦੀ ਹੈ ਜਦਕਿ ਦੁੱਧ ਉਤਪਾਦਕਾਂ ਅਨੁਸਾਰ ਸਵਾ ਲੱਖ ਦੁਧਾਰੂ ਪਸ਼ੂ ਮੌਤ ਦੇ ਮੂੰਹ ਜਾ ਪਏ ਹਨ ਅਤੇ ਉਨ੍ਹਾਂ ਨੂੰ ਦਫ਼ਨਾਉਣਾ ਪਸ਼ੂ-ਪਾਲਕਾਂ ਵੱਡੀ ਸਿਰਦਰਦੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਗ਼ਰੀਬ ਪਰਿਵਾਰਾਂ ਦਾ ਜੀਵਨ ਦੁੱਧ ਵੇਚ ਕੇ ਹੋਣ ਵਾਲੀ ਆਮਦਨ ਆਸਰੇ ਚੱਲਦਾ ਹੈ। ਉਨ੍ਹਾਂ ਪਸ਼ੂਆਂ ਦੇ ਇਲਾਜ ਅਤੇ ਪਰਿਵਾਰਾਂ ਦੇ ਜੀਵਨ ਨੂੰ ਬਚਾਉਣ ਲਈ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ।