ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਸਤੰਬਰ
ਸ਼ਹਿਰ ਦੇ ਦੱਖਣੀ ਇਲਾਕੇ ਵਿੱਚ ਸਥਿਤ ਹੋਟਲ ਬਕਲਾਵੀ ਵਿੱਚ ਆਈਪੀਐੱਲ ਖਿਡਾਰੀ ਕਰਨ ਗੋਇਲ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਨਿਗਮ ਅਧਿਕਾਰੀ ਸੁਰਿੰਦਰ ਬਿੰਦਰਾ ਦੇ ਪੁੱਤਰ ਮਨਮੀਤ ਸਿੰਘ ਨੇ ਆਪਣੇ ਇੱਕ ਸਾਥੀ ਗੁਰਕੀਰਤ ਸਿੰਘ ਸਣੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਪੁਲੀਸ ਵੱਖ ਵੱਖ ਧਾਰਾਵਾਂ ਤਹਿਤ ਨਾਮਜ਼ਦ ਐੱਸਟੀਪੀ (ਮਿਉਂਸਿਪਲ ਟਾਊਨ ਪਲੈਨਰ) ਸੁਰਿੰਦਰ ਬਿੰਦਰਾ ਅਤੇ ਉਸ ਦੇ ਲੜਕੇ ਸਮੇਤ ਹੋਰਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਪਰ ਉਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਪਾਈ ਸੀ। ਅੱਜ ਅਚਾਨਕ ਮੁਲਜ਼ਮ ਗੁਰਕੀਰਤ ਸਿੰਘ ਅਤੇ ਮਨਮੀਤ ਸਿੰਘ ਪੁਲੀਸ ਨੂੰ ਚਕਮਾ ਦੇ ਕੇ ਅਦਾਲਤ ਪੁੱਜ ਗਏ ਅਤੇ ਆਪਣੇੇ ਵਕੀਲ ਪੀਐੱਸ ਘੁੰਮਣ ਰਾਹੀਂ ਆਤਮ-ਸਮਰਪਣ ਕਰ ਦਿੱਤਾ। ਇਸ ਮਗਰੋਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਪੁਲੀਸ ਮੁਲਜ਼ਮਾਂ ਤੋਂ ਫਰਾਰ ਐੱਸਟੀਪੀ ਸੁਰਿੰਦਰ ਬਿੰਦਰਾ ਬਾਰੇ ਪੁੱਛ ਪੜਤਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਾਊਥ ਸਿਟੀ ਇਲਾਕੇ ’ਚ ਐਮਟੀਪੀ ਸੁਰਿੰਦਰ ਬਿੰਦਰਾ ਦੇ ਲੜਕੇ ਮਨਮੀਤ ਸਿੰਘ ਦਾ ਬਕਲਾਵੀ ਹੋਟਲ ਦੇ ਨਾਮ ਤੋਂ ਰੇਸਤਰਾਂ ਹੈ। ਕਰੀਬ 2 ਮਹੀਨੇ ਪਹਿਲਾਂ ਪਾਰਟੀ ਦੌਰਾਨ ਬਿੱਲ ਸਬੰਧੀ ਹੰਗਾਮਾ ਹੋਇਆ ਅਤੇ ਕੁੱਟਮਾਰ ਦੌਰਾਨ ਆਈਪੀਐੱਲ ਖਿਡਾਰੀ ਕਰਨ ਗੋਇਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਪੀੜਤ ਪਰਿਵਾਰ ਵੱਲੋਂ ਦੋਸ਼ ਲਾਏ ਗਏ ਸਨ ਕਿ ਨਿਗਮ ਅਧਿਕਾਰੀ ਦੀ ਸਿਆਸੀ ਪਹੁੰਚ ਕਾਰਨ ਉਨ੍ਹਾਂ ’ਤੇ ਲਗਾਤਾਰ ਸਮਝੌਤੇ ਲਈ ਦਬਾਅ ਬਣਾ ਰਹੇ ਹਨ।