ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਦੇਸ਼ ਦੀ ਵਪਾਰਕ ਹੱਬ ਵਜੋਂ ਜਾਣਿਆ ਜਾਂਦਾ ਲੁਧਿਆਣਾ ਸ਼ਹਿਰ ਦੀਆਂ ਸਨਅਤ ਇਕਾਈਆਂ ਵਿੱਚ ਲੱਗੀਆਂ ਚਿਮਨੀਆਂ ਵਿੱਚੋਂ ਨਿਕਲਦਾ ਜਹਿਰੀਲਾ ਧੂੰਆਂ ਪਾਣੀ ਤੋਂ ਬਾਅਦ ਹੁਣ ਹਵਾ ਨੂੰ ਵੀ ਪ੍ਰਦੂਸ਼ਿਤ ਕਰਨ ਲੱਗਿਆ ਹੈ। ਦੀਵਾਲੀ ਦੇ ਤਿਉਹਾਰ ਨੇੜਨੇ ਇਹ ਪ੍ਰਦੂਸ਼ਣ ਹੋਰ ਵਧਣ ਕਾਰਨ ਸਾਹ ਦੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਸ਼ਹਿਰ ਦੇ ਫੋਕਲ ਪੁਆਇੰਟ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਸਨਅਤੀ ਇਕਾਈਆਂ ਚੱਲ ਰਹੀਆਂ ਹਨ।
ਇਨ੍ਹਾਂ ਵਿੱਚ ਲੋਹੇ ਦੀ ਢਲਾਈ ਅਤੇ ਕੱਪੜੇ ਦੀ ਰੰਗਾਈ ਦੀਆਂ ਇਕਾਈਆਂ ਵਿੱਚ ਲੱਗੀਆਂ ਧੂੰਏ ਵਾਲੀਆਂ ਚਿਮਨੀਆਂ ਰਾਹੀਂ ਸਵੇਰੇ-ਸ਼ਾਮ ਨਿਕਲਦਾ ਧੂੰਆਂ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪਾ ਰਿਹਾ ਹੈ। ਸਵੇਰੇ ਤਾਜ਼ਾ ਹਵਾ ਲੈਣ ਦੀ ਖਾਤਰ ਸੜਕਾਂ ’ਤੇ ਸੈਰ ਨੂੰ ਨਿਕਲਦੇ ਲੋਕਾਂ ਨੂੰ ਚਿਮਨੀਆਂ ਵਿੱਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਵਿੱਚ ਹੀ ਸਾਹ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਭਾਵੇਂ ਕਈ ਉਦਯੋਗਿਕ ਇਕਾਈਆਂ ਨੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਆਧੁਨਿਕ ਉਪਰਕਨ ਲਾਏ ਹੋਏ ਹਨ ਪਰ ਅੱਜ ਵੀ 70-80 ਫੀਸਦੀ ਇਕਾਈਆਂ ਦਾ ਜ਼ਹਿਰੀਲਾ ਧੂੰਆਂ ਸਿੱਧਾ ਹਵਾ ਵਿੱਚ ਛੱਡਿਆ ਜਾ ਰਿਹਾ ਹੈ। ਵਾਤਾਵਰਨ ਪ੍ਰੇਮੀ ਜਗਜੀਤ ਸਿੰਘ ਮਾਨ ਅਤੇ ਜਸਕੀਰਤ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਜੰਗਲ ਖਤਮ ਹੋ ਰਹੇ ਹਨ ਜਿਸ ਕਰਕੇ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਇਕਾਈਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਫੈਕਟਰੀਆਂ ਨੇ ਪਹਿਲਾਂ ਬੁੱਢੇ ਦਰਿਆ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਬੁੱਢਾ ਨਾਲਾ ਬਣਾ ਦਿੱਤਾ ਤੇ ਹੁਣ ਹਵਾ ਨੂੰ ਵੀ ਪ੍ਰਦੂਸ਼ਿਤ ਕਰਕੇ ਲੋਕਾਂ ਨੂੰ ਬਿਮਾਰੀਆਂ ਵੰਡਣ ਵੱਲ ਤੁਰ ਪਏ ਹਨ। ਜਸਕੀਰਤ ਸਿੰਘ ਨੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਾਅ ਅਤੇ ਵਾਤਾਵਰਨ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ ਹੈ।
ਪ੍ਰਦੂਸ਼ਣ ਦਾ ਦਿਲ ਦੇ ਦੌਰੇ ਨਾਲ ਸਿੱਧਾ ਸਬੰਧ: ਡਾ. ਐੱਚਐੱਸ ਬੇਦੀ
ਦਿਲ ਦੇ ਰੋਗਾਂ ਦੇ ਪ੍ਰਸਿੱਧ ਡਾ. ਐਚਐਸ ਬੇਦੀ ਨੇ ਦੱਸਿਆ ਕਿ ਨਵੀਂ ਖੋਜ ਤੋਂ ਇਹ ਸਾਫ ਹੋ ਗਿਆ ਹੈ ਕਿ ਪ੍ਰਦੂਸ਼ਣ ਦਾ ਸਿੱਧਾ ਸਬੰਧ ਦਿਲ ਦੇ ਦੌਰੇ ਨਾਲ ਹੈ। ਉਨ੍ਹਾਂ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਨਾਲ ਫੇਫੜਿਆਂ ਨੂੰ ਨੁਕਸਾਨ ਹੁੰਦਾ ਹੈ, ਜਿੱਥੋਂ ਸਾਹ ਦੀਆਂ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ।