ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਨੇ ਇੱਕ ਸੁਨਿਆਰੇ ਦੀ ਸ਼ਿਕਾਇਤ ’ਤੇ ਦੁਕਾਨ ਦੇ ਨੌਕਰ ਖ਼ਿਲਾਫ਼ ਲੱਖਾਂ ਰੁਪਏ ਦੇ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਅਸ਼ੋਕ ਵਿਹਾਰ ਰਿਸ਼ੀ ਨਗਰ ਵਾਸੀ ਲਲਿਤ ਚੋਪੜਾ ਨੇ ਦੱਸਿਆ ਹੈ ਕਿ ਉਸਦੀ ਸਮਿੱਟਰੀ ਰੋਡ ’ਤੇ ਚੋਪੜਾ ਸੰਨਜ਼ ਜਵੈਲਰੀ ਸ਼ਾਪ ਨਾਮ ਦੀ ਦੁਕਾਨ ਹੈ, ਜਿਥੇ ਆਕਾਸ਼ ਵਾਸੀ ਪ੍ਰੇਮ ਮੰਦਰ ਵਾਲੀ ਗਲੀ ਪ੍ਰਤਾਪ ਚੌਕ ਨੌਕਰੀ ਕਰਦਾ ਹੈ। ਪਿਛਲੇ ਦਿਨੀਂ ਜਦੋਂ ਉਨ੍ਹਾਂ ਦੁਕਾਨ ਅੰਦਰ ਪਏ ਸੋਨੇ ਦੇ ਗਹਿਣੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਸਟਾਕ ਵਿੱਚੋਂ ਤਿੰਨ ਸੋਨੇ ਦੀਆਂ ਚੇਨਾਂ, ਦੋ ਸੋਨੇ ਦੇ ਸੈੱਟ ਤੇ ਦੋ ਸੋਨੇ ਦੇ ਹਾਰ ਗਾਇਬ ਸਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਇਹ ਗਹਿਣੇ ਅਕਾਸ਼ ਕੁਮਾਰ ਨੇ ਚੋਰੀ ਕੀਤੇ ਹਨ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ ): ਵੱਖ ਵੱਖ ਇਲਾਕਿਆਂ ਵਿੱਚ ਨਾਮਲੂਮ ਵਿਅਕਤੀ ਲੱਖਾਂ ਰੁਪਏ ਦੇ ਮੁੱਲ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ ਹਨ। ਥਾਣਾ ਸਦਰ ਦੀ ਪੁਲੀਸ ਨੂੰ ਅੰਬੋਰਾ ਗਰੀਨ ਕਲੋਨੀ ਸੰਗੋਵਾਲ ਵਾਸੀ ਰਛਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 38 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਏ ਹਨ। ਇੱਕ ਹੋਰ ਮਾਮਲੇ ਵਿੱਚ ਐੱਚਆਈਜੀ ਕਾਲੋਨੀ ਮੋਤੀ ਨਗਰ ਵਾਸੀ ਕਿਸ਼ਨਦੀਪ ਬਾਂਸਲ ਨੇ ਦੱਸਿਆ ਹੈ ਕਿ ਰਾਤ ਨੂੰ ਕੁੱਝ ਅਣਪਛਾਤੇ ਵਿਅਕਤੀ ਉਸ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਅਲਮਾਰੀਆਂ ਵਿੱਚੋਂ ਇੱਕ ਸੋਨੇ ਦੀ ਚੇਨ, ਪੰਜ ਮੰਗਲ ਸੂਤਰ, ਦੋ ਸੋਨੇ ਦੇ ਕੜੇ, ਕੰਨਾਂ ਦੇ ਝੁਮਕੇ, ਸੋਨੇ ਦਾ ਸੈੱਟ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ।