ਲੁਧਿਆਣਾ (ਖੇਤਰੀ ਪ੍ਰਤੀਨਿਧ): ਲੁਧਿਆਣਾ ਵਿੱਚ ਆਉਂਦੇ ਕਰੀਬ ਇੱਕ ਹਫ਼ਤੇ ਤੱਕ ਅਸਮਾਨ ਸਾਫ਼ ਹੋਣ ਦੀ ਸੰਭਾਵਨਾ ਨਹੀਂ ਹੈ। ਮਾਹਿਰਾਂ ਅਨੁਸਾਰ ਦੀਵਾਲੀ ਤੋਂ ਬਾਅਦ ਮੀਂਹ ਪੈਣ ਦੇ ਆਸਾਰ ਹਨ। ਦੂਜੇ ਪਾਸੇ ਹਵਾ ਘੱਟ ਹੋਣ ਕਾਰਨ ਅਸਮਾਨ ਵਿੱਚ ਚੜ੍ਹੀ ਧੂੜ ਕਾਰਨ ਦਮੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਹੋ ਰਹੀ ਹੈ। ਫੈਕਟਰੀਆਂ ਅਤੇ ਉਦਯੋਗਿਕ ਇਕਾਈਆਂ ਦੀ ਭਰਮਾਰ ਕਰਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਵਾ ਪਹਿਲਾਂ ਹੀ ਹੋਰਨਾਂ ਸ਼ਹਿਰਾਂ, ਸੂਬਿਆਂ ਨਾਲੋਂ ਵੱਧ ਪ੍ਰਦੂਸ਼ਿਤ ਹੋ ਚੁੱਕੀ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਹਵਾ ਦੀ ਗਤੀ ਘੱਟ ਹੋ ਗਈ ਹੈ ਅਤੇ ਵਾਹਨਾਂ ਅਤੇ ਹੋਰ ਕਾਰਨਾਂ ਕਰਕੇ ਉੱਡੀ ਧੂੜ ਅਸਮਾਨ ਵਿੱਚ ਚੜ੍ਹੀ ਹੋਈ ਹੈ।