ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਮਾਰਚ
ਸਨਅਤੀ ਸ਼ਹਿਰ ਵਿੱਚ ਮਹਾਂਸ਼ਿਵਰਾਤਰੀ ਦੇ ਮੌਕੇ ’ਤੇ ਮੰਦਰਾਂ ਵਿੱਚ ਭਗਵਾਨ ਭੋਲੇਨਾਥ ਦੇ ਜੈਕਾਰਿਆਂ ਦੀ ਗੂੰਜ ਪੈਂਦੀ ਰਹੀ। ਸ਼ਹਿਰ ਦੇ ਸਾਰੇ ਹੀ ਮੰਦਰਾਂ ਵਿੱਚ ਭਗਵਾਨ ਭੋਲੇਨਾਥ ਦੇ ਭਗਤਾਂ ਨੇ ਸ਼ਿਵਲਿੰਗ ਦੀ ਪੂਜਾ ਕੀਤੀ। ਇਸ ਦੌਰਾਨ ਮੰਦਰਾਂ ਵਿੱਚ ਤੜਕੇ ਤੋਂ ਹੀ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਲਈ ਕਤਾਰਾਂ ਲੱਗ ਲਗਣੀਆਂ ਸ਼ੁਰੂ ਹੋ ਗਈਆਂ। ਸ਼ਰਧਾਲੂ ਸਵੇਰੇ 4 ਵਜੇ ਤੋਂ ਹੀ ਮੰਦਰਾਂ ਵਿੱਚ ਇਕੱਠੇ ਹੋਣ ਲੱਗੇ ਸਨ। ਲੁਧਿਆਣਾ ’ਚ ਸ਼ਿਵਰਾਤਰੀ ਮਹਾਂਉਤਸਵ ਕਮੇਟੀ ਨੇ ਧੂਮਧਾਮ ਨਾਲ ਸ਼ੋਭਾ ਯਾਤਰਾ ਵੀ ਕੱਢੀ। ਲੁਧਿਆਣਾ ਦੇ ਪ੍ਰਾਚੀਵ ਸ਼ਿਵ ਮੰਦਰਾਂ ਵਿੱਚ ਮੰਗਲਵਾਰ ਤੜਕੇ ਤੋਂ ਹੀ ਭਗਵਾਨ ਭੋਲੇਨਾਥ ਦੇ ਜੈਕਾਰੇ ਗੂੰਜਣ ਲੱਗੇ। ਇਸ ਦੌਰਾਨ ਭਗਤਾਂ ਨੇ ਮਹਾਂਦੇਵ ਦੀ ਮਹਾਂ ਆਰਤੀ ਕੀਤੀ। ਥਾਂ-ਥਾਂ ਭੰਡਾਰੇ ਵੀ ਲਾਏ ਗਏ। ਲੁਧਿਆਣਾ ਦੇ 500 ਸਾਲ ਪੁਰਾਣੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਵਿੱਚ ਸੋਮਵਾਰ ਰਾਤ ਤੋਂ ਹੀ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਦੇ ਲਈ ਭਗਤਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸ਼ਿਵਾਲਾ ਦੇ ਪ੍ਰਮੁੱਖ ਮਹੰਤ ਨਾਰਾਇਣ ਪੁਰੀ ਤੇ ਮਹੰਤ ਦਿਨੇਸ਼ ਪੁਰੀ ਨੇ ਸ਼ਿਵ ਭਗਤਾਂ ਦੇ ਨਾਲ ਸ਼ਿਵਲਿੰਗ ਦੀ ਪੂਜਾ ਕਰਵਾਈ। ਇਸ ਦੌਰਾਨ ਕਈ ਲੋਕ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਵੀ ਸ਼ਿਵਾਲੇ ਪੁੱਜੇ। ਸ਼ਿਵਾਲੇ ਵਿੱਚ ਸ਼ਿਵ ਭਗਤਾਂ ਦੇ ਲਈ ਵਿਆਹਾਂ ਦੇ ਸਟਾਲਾਂ ਵਾਂਗ ਲੰਗਰ ਲਗਾਏ ਗਏ ਸਨ। ਥਾਂ-ਥਾਂ ਦੁੱਧ, ਖੀਰ, ਪਕੌੜੇ, ਫਰੂਟ ਚਾਟ, ਗੋਲ ਗੱਪੇ, ਟਿੱਕੀਆਂ ਦੇ ਵੀ ਲੰਗਰ ਲਗਾਏ ਗਏ।
ਇਸ ਦੇ ਨਾਲ ਹੀ ਬਾਜਵਾ ਨਗਰ ਸ਼ਮਸ਼ਾਨਘਾਟ ਨੇੜੇ ਵੀ ਪ੍ਰਾਚੀਨ ਨੀਲਕੰਠ ਮਹਾਦੇਵ ਮੰਦਰ ਵਿੱਚ ਵੀ ਮੰਗਲਵਾਰ ਤੜਕੇ ਤੋਂ ਹੀ ਸ਼ਿਵ ਭਗਤ ਭਗਵਾਨ ਭੋਲੇਨਾਥ ਦੀ ਪੂਜਾ ਕਰਨ ਦੇ ਲਈ ਪੁਜ ਗਏ ਸਨ। ਇੱਥੇ ਵੀ ਸੈਂਕੜੇ ਸਾਲ ਪੁਰਾਣਾ ਸ਼ਿਵਲਿੰਗ ਹੈ। ਇਸੇ ਤਰ੍ਹਾਂ ਪੱਖੋਵਾਲ ਰੋਡ ਸਥਿਤ ਸਿੰਗਲਾ ਇਨਕਲੇਵ ਮੰਦਰ ਸ੍ਰੀ ਨੀਲਕੰਠ ਮਹਾਂਦੇਵ ’ਚ ਧੂਮਧਾਮ ਸ਼ਿਵਰਾਤਰੀ ਮਨਾਈ ਗਈ। ਮਾਡਲ ਟਾਊਨ ਐਕਸਟੈਨਸ਼ਨ ਸਥਿਤ ਕ੍ਰਿਸ਼ਨਾ ਮੰਦਿਰ ’ਚ ਸ਼ਿਵਰਾਤਰੀ ਮੌਕੇ ’ਤੇ ਭਗਵਾਨ ਸ਼ਿਵ ਦੀ ਭਜਨ ਚੌਕੀ ਕਰਵਾਈ ਗਈ।