ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਕਤੂਬਰ
ਇੱਥੇ ਦੇ ਹੈਬੋਵਾਲ ਦੇ ਚੂਹੜਪੁਰ ਇਲਾਕੇ ’ਚ ਦੁਕਾਨਬੰਦ ਕਰ ਕੇ ਘਰ ਜਾ ਰਹੇ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਕੁੱਟਮਾਰ ਕਰ ਜ਼ਖਮੀ ਕਰ ਦਿੱਤਾ। ਦੁਕਾਨਦਾਰ ਸ਼ਗਨਦੀਪ ਸਿੰਘ ਵੱਲੋਂ ਹਮਲੇ ਦਾ ਕਾਰਨ ਪੁੱਛਣ ’ਤੇ ਮੁਲਜ਼ਮਾਂ ਨੇ ਇੱਟਾਂ-ਰੋੜੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਮਗਰੋਂ ਮੁਲਜ਼ਮ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਥਾਣਾ ਹੈਬੋਵਾਲ ਦੀ ਪੁਲੀਸ ਮੌਕੇ ਉੱਤੇ ਪੁੱਜ ਗਈ। ਪੁਲੀਸ ਨੇ ਇਲਾਕੇ ਦੇ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਲਈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਦੁਕਾਨਦਾਰ ਸ਼ਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਗੁਰਦੇਵ ਸਿੰਘ, ਅਮਰਿੰਦਰ ਸਿੰਘ, ਮਹਿਤਾਬ ਸਿੰਘ ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਗਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਚੂਹੜਪੁਰ ਰੋਡ ’ਤੇ ਗੁਰੂ ਨਾਨਕ ਚੁਗਾਠ ਵਰਕਸ ਦੇ ਨਾਮ ਤੋਂ ਦੁਕਾਨ ਹੈ। ਉਸ ਦੀ ਮਾਮੂਲੀ ਗੱਲ ਨੂੰ ਲੈ ਕੇ ਸਾਹਮਣੇ ਜਿਮ ’ਚ ਆਉਣ ਵਾਲੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਲੋਕਾਂ ਵੱਲੋਂ ਸਮਝਾਉਣ ’ਤੇ ਮਾਮਲਾ ਸ਼ਾਂਤ ਹੋ ਗਿਆ। ਸ਼ਗਨਦੀਪ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਰੀਬ 10 ਵਜੇ ਜਦੋਂ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਥਾਣਾ ਹੈਬੋਵਾਲ ਦੇ ਸਬ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਬਿਆਨ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।