ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਸਤੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵ-ਨਿਯੁਕਤ 117 ਸਿੱਖ ਪ੍ਰਚਾਰਕਾਂ ਦੀ ਨਿਯੁਕਤੀ ਸ਼ਲਾਘਾਯੋਗ ਕਦਮ ਹੈ ਪਰ ਵਿਧਾਨ ਸਭਾ ਹਲਕਿਆਂ ਅਨੁਸਾਰ ਇਨ੍ਹਾਂ ਸਿੱਖ ਪ੍ਰਚਾਰਕਾਂ ਦੀ ਨਿਯੁਕਤੀ ਤੋਂ ਸਾਫ਼ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਪ੍ਰਚਾਰਕਾਂ ਨੂੰ ਬਾਦਲ ਪਰਿਵਾਰ ਨੂੰ ਮੁੜ ਸੁਰਜੀਤ ਕਰਨ ਲਈ ਕਵਾਇਦ ਸ਼ੁਰੂ ਕਰੇਗੀ।
ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ 117 ਵਿਧਾਨ ਸਭਾ ਹਲਕੇ ਹਨ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਪ੍ਰਤੀ ਸੰਜੀਦਾ ਹੁੰਦੀ ਤਾਂ ਉਹ 117 ਵਿਧਾਨ ਸਭਾ ਹਲਕਿਆਂ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਹਲਕਿਆਂ ਵਿਚ ਸਿੱਖ ਪ੍ਰਚਾਰਕਾਂ ਦੀ ਨਿਯੁਕਤੀ ਕਰਦੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹਿਲਾਂ ਵੀ ਸਿੱਖ ਪ੍ਰਚਾਰਕਾਂ ਦੀ ਵੱਡੀ ਫ਼ੌਜ ਹੈ ਅਤੇ ਜੇ ਇਨ੍ਹਾਂ ਨੇ ਪਿੰਡ ਪਿੰਡ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਹੁੰਦਾ ਤਾਂ ਈਸਾਈ ਧਰਮ ਦਾ ਇੰਨਾ ਅਸਰ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਚਾਰਕਾਂ ਦੀ ਜਵਾਬਦੇਹੀ ਕਰਨੀ ਬਣਦੀ ਸੀ ਪਰ ਕਿਸੇ ਵੀ ਪ੍ਰਧਾਨ ਜਾਂ ਸਕੱਤਰ ਨੇ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਹੀਂ ਨਿਭਾਈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਇਹ ਪ੍ਰਚਾਰਕ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਗੇ ਅਤੇ ਸ਼੍ਰੋਮਣੀ ਕਮੇਟੀ ਭਵਿੱਖ ਵਿੱਚ ਸਿੱਖ ਪ੍ਰਚਾਰਕਾਂ ਦੀ ਜਵਾਬਦੇਹੀ ਯਕੀਨੀ ਬਣਾਏਗੀ। ਇਸ ਮੌਕੇ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ ਤੇ ਅਰਸ਼ਦੀਪ ਸਿੰਘ ਢਿਲੋਂ ਆਦਿ ਵੀ ਹਾਜ਼ਰ ਸਨ।