ਗਗਨਦੀਪ ਅਰੋੜਾ
ਲੁਧਿਆਣਾ, 7 ਅਗਸਤ
ਸਨਅਤੀ ਸ਼ਹਿਰ ਦੇ ਪੁਰਾਣੇ ਅਤੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਮੰਦਰ ਬਾਹਰੋਂ ਕੂੜਾ ਚੁੱਕਣ ਦੀ ਮੰਗ ’ਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਸ਼ੁੱਕਰਵਾਰ ਦੀ ਸ਼ਾਮ ਨੂੰ ਆਪਣੇ ਆਪੇ ਤੋਂ ਬਾਹਰ ਹੋ ਗਏ। ਉਹ ਇੰਨੇ ਗੁੱਸੇ ’ਚ ਆ ਗਏ ਕਿ ਉਨ੍ਹਾਂ ਨੇ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਦਾਸ ਪੁਰੀ ਦੇ ਨਾਲ ਦੁਰਵਿਹਾਰ ਵੀ ਕੀਤਾ। ਮੰਦਰ ਕੰਪਲੈਕਸ ’ਚ ਮੌਜੂਦ ਭਗਤਾਂ ਨੇ ਮਹੰਤ ਨਾਰਾਇਣ ਦਾਸ ਪੁਰੀ ਦੇ ਨਾਲ ਹੋਏ ਬੁਰੇ ਵਿਵਹਾਰ ਤੋਂ ਬਾਅਦ ਧਰਨਾ ਲਾ ਦਿੱਤਾ ਅਤੇ ਸ਼ਿਆਮ ਸੁੰਦਰ ਮਲਹੋਤਰਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਗਤਾਂ ਨੇ ਦੋਸ਼ ਲਾਇਆ ਕਿ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਮਹੰਤ ਨਾਲ ਬੁਰਾ ਵਿਵਹਾਰ ਕੀਤਾ ਤੇ ਉਨ੍ਹਾਂ ਨੂੰ ਅਪਸ਼ਬਦ ਤੱਕ ਬੋਲ ਦਿੱਤੇ। ਕਾਫ਼ੀ ਸਮੇਂ ਤੱਕ ਧਰਨਾ ਲਾਏ ਜਾਣ ਤੋਂ ਬਾਅਦ ਸੀਨੀਅਰ ਮੇਅਰ ਸ਼ਾਮ ਸੁੰਦਰ ਮਲਹੋਤਰਾ ਉਥੇ ਪੁੱਜੇ, ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾਈਆਂ। ਉਸ ਤੋਂ ਬਾਅਦ ਮਹੰਤ ਨਾਰਾਇਣ ਦਾਸ ਪੁਰੀ ਨੇ ਵੀ ਸਾਰਿਆਂ ਸਾਹਮਣੇ ਖਰੀਆਂ ਖਰੀਆਂ ਸੁਣਾ ਦਿੱਤੀਆਂ।
ਜਾਣਕਾਰੀ ਅਨੁਸਾਰ ਪ੍ਰਾਚੀਨ ਸੰਗਲਾ ਵਾਲਾ ਮੰਦਰ ਕੰਪਲੈਕਸ ਬਾਹਰ ਡਰੰਮ ਲਾਏ ਗਏ ਹਨ ਤਾਂ ਕਿ ਜੋ ਸ਼ਰਧਾਲੂ ਆਪਣਾ ਵੇਸਟ ਸਾਮਾਨ ਹੋਵੇ, ਉਸ ’ਚ ਸੁੱਟ ਸਕਣ। ਕਾਫ਼ੀ ਸਮੇਂ ਤੋਂ ਮੰਦਰ ਬਾਹਰ ਸਫ਼ਾਈ ਨਹੀਂ ਹੋਈ ਸੀ। ਮਹੰਤ ਨੇ ਇਸ ਬਾਰੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਤੇ ਜਲਦੀ ਸਫ਼ਾਈ ਕਰਵਾਉਣ ਦੀ ਅਰਜ਼ੋਈ ਕੀਤੀ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਨੇ ਸ਼ਹਿਰ ਦੇ ਸਨਮਾਨਯੋਗ ਮਹੰਤ ਨਾਰਾਇਣ ਦਾਸ ਪੁਰੀ ਨਾਲ ਬੁਰਾ ਵਿਵਹਾਰ ਕਰਦੇ ਹੋਏ ਅਪਸ਼ਬਦ ਬੋਲੇ। ਜਦੋਂ ਮੰਦਰ ਕੰਪਲੈਕਸ ’ਚ ਮੌਜੂਦ ਸ਼ਰਧਾਲੂਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਹੋਰ ਲੋਕਾਂ ਨੂੰ ਇਕੱਠੇ ਕਰਕੇ ਧਰਨਾ ਲਾ ਦਿੱਤਾ। ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।
ਉਧਰ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਸੁਰਿੰਦਰ ਡਾਬਰ ਨੇ ਵੀ ਹਰਕਤ ’ਚ ਆਉਂਦਿਆਂ ਮਹੰਤ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸਫ਼ਾਈ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਹੀ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਦੀ ਡਿਊਟੀ ਲਾਈ ਕਿ ਉਹ ਤੁਰੰਤ ਮੰਦਰ ਜਾ ਕੇ ਮਹੰਤ ਨਾਰਾਇਣ ਦਾਸ ਪੁਰੀ ਤੋਂ ਮਾਫ਼ੀ ਮੰਗਣ।
ਸੀਨੀਅਰ ਡਿਪਟੀ ਮੇਅਰ ਨੇ ਮੰਗੀ ਮੁਆਫ਼ੀ
ਵਿਧਾਇਕ ਸੁਰਿੰਦਰ ਡਾਬਰ ਦੇ ਕਹਿਣ ’ਤੇ ਸੀਨੀਅਰ ਡਿਪਟੀ ਮੇਅਰ ਮੰਦਰ ਪੁੱਜੇ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਵਾਰ ਵਾਰ ਮਹੰਤ ਤੋਂ ਮੁਆਫ਼ੀ ਮੰਗਦੇ ਰਹੇ। ਪੂਰੀ ਗੱਲ ਸਾਫ਼ ਕਰਨ ਤੋਂ ਬਾਅਦ ਫਿਰ ਸੀਨੀਅਰ ਡਿਪਟੀ ਮੇਅਰ ਨੇ ਮੁਆਫ਼ੀ ਮੰਗੀ ਤੇ ਆਪਣੀ ਜਾਨ ਛੁਡਵਾਈ।