ਪੱਤਰ ਪ੍ਰੇਰਕ
ਦੋਰਾਹਾ, 22 ਜੁਲਾਈ
ਇੱਥੋਂ ਦੇ ਨਗਰ ਕੌਂਸਲ ਦਫ਼ਤਰ ਵਿੱਚ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਐਸਡੀਐਮ ਜਸਲੀਨ ਕੌਰ ਭੁੱਲਰ ਸਣੇ ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਪੁੱਜੇ। ਮੀਟਿੰਗ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਮਾਜ ਸੇਵੀਆਂ ਵੱਲੋਂ ਸ਼ਹਿਰ ਅੰਦਰ ਸੀਵਰੇਜ ਦੇ ਪ੍ਰਬੰਧਾਂ, ਪਿਛਲੀ ਨਗਰ ਕੌਂਸਲ ਵੱਲੋਂ ਟ੍ਰੀਟਮੈਂਟ ਪਲਾਂਟ ਵਿਚ ਬੇਨਿਯਮੀਆਂ ਨਾਲ ਦੋ ਪਿੰਡਾਂ ਦਾ ਪਾਣੀ ਪਾਉਣ, ਠੇਕੇਦਾਰਾਂ ਵੱਲੋਂ ਛੱਡੇ ਅਧੂਰੇ ਕਾਰਜਾਂ, ਕਮਿਊਨਿਟੀ ਹਾਲ ਦੇ ਘਪਲੇ ਸਣੇ ਵੱਖ ਵੱਖ ਮਾਮਲਿਆਂ ਤੋਂ ਜਾਣੂ ਕਰਵਾਇਆ। ਸਮਾਜ ਸੇਵੀ ਬਰਜਿੰਦਰ ਸਿੰਘ ਜੰਡੂ ਅਤੇ ਜਨਦੀਪ ਕੌਸ਼ਲ ਨੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਅਤੇ ਸੀਵਰੇਜ ਸਮੱਸਿਆ ਤੋਂ ਜਾਣੂ ਕਰਵਾਇਆ। ਐਸਡੀਐਮ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਸਮੱਸਿਆਵਾਂ ’ਤੇ ਵੀ ਜਲਦ ਵਿਚਾਰ ਵਟਾਂਦਰਾ ਕਰ ਕੇ ਕੰਮ ਕੀਤੇ ਜਾਣਗੇ।
ਇਸ ਮੌਕੇ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ, ਕੌਂਸਲਰ ਕੁਲਵੰਤ ਸਿੰਘ, ਰਿੱਕੀ ਬੈਕਟਰ, ਰਣਜੀਤ ਸਿੰਘ ਟਿਵਾਣਾ, ਦਵਿੰਦਰ ਸਿੰਘ, ਪੰਕਜ ਗੌਤਮ, ਹਰਜੀਤ ਸਿੰਘ ਖਰ੍ਹੇ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।