ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਦਸੰਬਰ
ਸਨਅਤੀ ਸ਼ਹਿਰ ਦੇ ਹੰਬੜਾ ਰੋਡ ਸਥਿਤ ਡੇਅਰੀ ਕੰਪਲੈਕਸ ’ਚ ਮੰਗਲਵਾਰ ਦੀ ਦੇਰ ਰਾਤ ਨੂੰ ਇੱਕ ਡੇਅਰੀ ਦੀ ਛੱਤ ਡਿੱਗ ਗਈ। ਇਸ ’ਚ ਡੇਅਰੀ ’ਚ ਰੱਖੇ ਪਸ਼ੂ ਛੱਤ ਹੇਠਾਂ ਦੱਬ ਗਏ। ਆਸਪਾਸ ਦੇ ਡੇਅਰੀ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਖੁਦ ਕਿਸੇ ਤਰ੍ਹਾਂ ਰਾਹਤ ਕਾਰਜ ਕੀਤੇ, ਪਰ ਫਿਰ ਵੀ ਇਸ ਹਾਦਸੇ ’ਚ 9 ਗਾਂਵਾਂ ਤੇ 4 ਵੱਛੇ ਮਰ ਗਏ। ਹਾਦਸੇ ਦਾ ਕਾਰਨ ਮੀਂਹ ਕਾਰਨ ਡੇਅਰੀ ਦੀ ਕੰਧ ਦੇ ਨਾਲ ਪਾਣੀ ਭਰਨਾ ਦੱਸਿਆ ਜਾ ਰਿਹਾ ਹੈ। ਬੁੱਧਵਾਰ ਬਾਅਦ ਦੁਪਹਿਰ ਖਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ ਸੀ। ਇੱਥੇ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਵੀ ਇੱਕ ਡੇਅਰੀ ਦੀ ਛੱਤ ਡਿੱਗ ਗਈ ਸੀ। ਇਸ ਹਾਦਸੇ ’ਚ ਕਿਸੇ ਪਸ਼ੂ ਦੀ ਮੌਤ ਨਹੀਂ ਹੋਈ ਸੀ, ਪਰ ਪਸ਼ੂਆਂ ਲਈ ਰੱਖਿਆ ਗਿਆ ਦਾਣਾ ਖਰਾਬ ਹੋ ਗਿਆ ਸੀ। ਡੇਅਰੀ ਮਾਲਕ ਰਵੀ ਨੇ ਦੱਸਿਆ ਕਿ ਮੰਗਲਵਾਰ ਦੀ ਦੇਰ ਸ਼ਾਮ ਨੂੰ ਪਸ਼ੂਆਂ ਦਾ ਦੁੱਧ ਕੱਢਣ ਤੋਂ ਬਾਅਦ ਉਨ੍ਹਾਂ ਦਾ ਚਾਰਾ ਪਾ ਕੇ ਡੇਅਰੀ ਬੰਦ ਕਰ ਉਹ ਚਲੇ ਗਏ ਸਨ। ਅਚਾਨਕ ਦੇਰ ਸ਼ਾਮ ਨੂੰ ਇੱਕ ਧਮਾਕਾ ਹੋਇਆ ਤਾਂ ਡੇਅਰੀ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਦੇਖਿਆ ਕਿ ਛੱਤ ਡਿੱਗ ਗਈ ਹੈ। ਮਲਬੇ ਦੇ ਥੱਲੇ ਪਸ਼ੂ ਦਬ ਗਏ ਸਨ। ਤੁਰੰਤ ਰਾਤ ਨੂੰ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ, ਮਲਬੇ ਦੇ ਥੱਲੇ ਦੱਬੇ ਪਸ਼ੂਆਂ ਨੂੰ ਕੱਢਿਆ ਗਿਆ। ਇਸ ਦੌਰਾਨ 9 ਗਾਵਾਂ ਤੇ 4 ਵੱਛੇ ਮਲਬੇ ਹੇਠਾਂ ਆ ਗਏ। ਬੁੱਧਵਾਰ ਸਵੇਰੇ ਵੀ ਰਾਹਤ ਦਾ ਕੰਮ ਜਾਰੀ ਰਿਹਾ। ਰਵੀ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਵੀ ਉਨ੍ਹਾਂ ਦੇ ਗੁਆਂਢ ਦੀ ਡੇਅਰੀ ਦੀ ਛੱਤ ਡਿੱਗ ਗਈ ਸੀ। ਇਸ ਹਾਦਸੇ ’ਚ ਕੋਈ ਪਸ਼ੂ ਤਾਂ ਨਹੀਂ ਮਰਿਆ ਸੀ। ਹਾਦਸੇ ਦਾ ਕਾਰਨ ਬੀਤੇ 2 ਦਿਨ ਤੋਂ ਮੀਂਹ ਦੇ ਚੱਲਦੇ ਡੇਅਰੀ ਦੀਆਂ ਕੰਧਾਂ ਦੇ ਨਾਲ ਮੀਂਹ ਦਾ ਪਾਣੀ ਜਮ੍ਹਾਂ ਹੋਣਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਕੰਪਲੈਕਸ ’ਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ। ਇਸ ਲਈ ਮੀਂਹ ਦੇ ਦਿਨਾਂ ’ਚ ਇੱਥੇ ਪਾਣੀ ਭਰਨ ਦੀ ਸਥਿਤੀ ਬਣ ਜਾਂਦੀ ਹੈ। ਨਾਲੀਆਂ ਕੱਚੀਆਂ ਹੋਣ ਕਾਰਨ ਪਾਣੀ ਬਾਹਰ ਨਹੀਂ ਨਿਕਲਦਾ। ਅਜਿਹੇ ’ਚ ਡੇਅਰੀ ਸੰਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਲਾਵਾਰਸ ਪਸ਼ੂਆਂ ਨੂੰ ਕੈਦ ਕਰਕੇ ਰੱਖਣ ਦੇ ਦੋਸ਼ ਦੋ ਖ਼ਿਲਾਫ਼ ਕੇਸ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਨੇੜਲੇ ਪਿੰਂਡ ਲੋਹਟਬੱਦੀ ਤੋਂ ਬ੍ਰਹਮਪੁਰ ਨੂੰ ਜਾਂਦੀ ਲਿੰਕ ਸੜਕ ’ਤੇ ਬੰਦ ਪਏ ਸ਼ੈਲਰ ਵਿੱਚ ਕੁੱਝ ਵਿਅਕਤੀਆਂ ਵੱਲੋਂ 20-25 ਦੇ ਕਰੀਬ ਲਾਵਾਰਸ ਪਸ਼ੂਆਂ ਨੂੰ ਨਾਜਾਇਜ਼ ਤੌਰ ’ਤੇ ਕੈਦ ਕਰਕੇ ਉਨ੍ਹਾਂ ਭੁੱਖੇ ਪਿਆਸੇ ਰੱਖ ਕੇ ਅੱਤਿਆਚਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਬਲਦੇਵ ਸਿੰਘ ਪੁੱਤਰ ਅੱਛਰਾ ਸਿੰਘ ਵਾਸੀ ਲੋਹਟਬੱਦੀ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਨੂੰ ਬੀਤੀ ਸ਼ਾਮ 6 ਵਜੇ ਦੇ ਕਰੀਬ ਪ੍ਰੀਤਮ ਸਿੰਘ ਉਰਫ ਪਿਰਤਾ ਪੁੱਤਰ ਮਲਕੀਤ ਸਿੰਘ ਵਾਸੀ ਲੋਹਟਬੱਦੀ ਦਾ ਫੋਨ ਆਇਆ ਸੀ ਕਿ ਬ੍ਰਹਮਪੁਰ ਲਿੰਕ ਸੜਕ ਤੇ ਬੰਦ ਪਏ ਸ਼ੈਲਰ ਵਿੱਚ 20-25 ਦੇ ਕਰੀਬ ਲਾਵਾਰਸ ਪਸ਼ੂਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ। ਜਦੋਂ ਉਹ ਸ਼ੇਰ ਸਿੰਘ ਸਾਬਕਾ ਪੰਚ, ਪ੍ਰੀਤਮ ਸਿੰਘ, ਕਰਮਜੀਤ ਸਿੰਘ, ਕਮਲਜੀਤ ਸਿੰਘ ਆਦਿ ਨੂੰ ਨਾਲ ਲੈ ਕੇ ਸ਼ੈਲਰ ਵਿੱਚ ਗਿਆ ਤਾਂ ਦੇਖਿਆ ਕਿ ਸ਼ੈਲਰ ਵਿੱਚ 25 ਦੇ ਕਰੀਬ ਪਸ਼ੂ ਭੁੱਖੇ ਪਿਆਸੇ ਖੜ੍ਹੇ ਬੈਠੇ ਸਨ ਤੇ ਇੱਕ ਬਲਦ ਮਰਿਆ ਪਿਆ ਸੀ। ਸ਼ੈਲਰ ’ਚ ਤਾਇਨਾਤ ਸਕਿਉਰਿਟੀ ਗਾਰਡ ਜੀਵਨਜੋਤ ਸਿੰਘ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ ’ਤੇ ਮੌਕਾ ਪਾ ਕੇ ਉਥੋਂ ਫਰਾਰ ਹੋ ਗਿਆ। ਥਾਣਾ ਸਦਰ ਰਾਏਕੋਟ ਦੇ ਇੰਚਾਰਜ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਜੀਵਨਜੋਤ ਸਿੰਘ ਵਾਸੀ ਬ੍ਰਹਮਪੁਰ ਅਤੇ ਗੁਰਵਿੰਦਰ ਸਿੰਘ ਵਾਸੀ ਬਸਰਾਓ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਸ਼ੂਆਂ ਨੂੰ ਗਊਸ਼ਾਲਾ ਭੇਜ ਦਿੱਤਾ ਹੈ।