ਪੱਤਰ ਪ੍ਰੇਰਕ
ਜਗਰਾਉਂ, 30 ਸਤੰਬਰ
ਹਫ਼ਤਾ ਪਹਿਲਾਂ ਪਏ ਮੀਂਹ ਦਾ ਪਾਣੀ ਲੁਧਿਆਣਾ-ਫਿਰੋਜ਼ਪੁਰ ਮਾਰਗ ਲਿੰਕ ਸੜਕਾਂ ’ਤੇ ਖੜ੍ਹੇ ਹੋਣ ਕਾਰਨ ਜੁਡੀਸ਼ਲ ਕੋਰਟ ਕੰਪਲੈਕਸ, ਵਧੀਕ ਕਮਿਸ਼ਨਰ, ਤਹਿਸੀਲ ਨੂੰ ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਰੋਜ਼ਾਨਾ ਦੇ ਕੰਮ-ਕਾਜ ਲਈ ਆਉਣ ਵਾਲੇ ਲੋਕ ਜੁੱਤੀਆਂ ਹੱਥਾਂ ਵਿੱਚ ਫੜ ਪਾਣੀ ਵਿੱਚੋਂ ਨਿਕਲਦੇ ਨਜ਼ਰੀਂ ਪੈਂਦੇ ਹਨ। ਇਸ ਚਿਰੋਕਣੀ ਸਮੱਸਿਆ ਦੇ ਹੱਲ ਲਈ ਸਮਾਜ ਸੇਵੀ ਸੰਸਥਾਵਾਂ, ਵਕੀਲ ਭਾਈਚਾਰਾ, ਬੁੱਧੀਜੀਵੀ ਅਤੇ ਵਪਾਰੀ ਵਰਗ ਨੇ ਕਈ ਵਾਰ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਕਚਹਿਰੀ ਅਤੇ ਬੱਸ ਟਰਮੀਨਲ ਵਾਲੇ ਪਾਸੇ ਹਲਕੇ ਜਿਹੇ ਮੀਂਹ ਨਾਲ ਹੀ ਤਿੰਨ-ਤਿੰਨ ਫੁੱਟ ਪਾਣੀ ਭਰ ਜਾਂਦਾ ਹੈ। ਸੜਕਾਂ ਵਿੱਚ ਪਏ ਡੂੰਘੇ ਟੋਇਆਂ ਕਾਰਨ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸੜਕ ਤੋਂ ਸਿਵਲ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀ ਅਤੇ ਜੱਜ ਸਾਹਿਬਾਨ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਆਪਣੀਆਂ ਡਿਊਟੀਆਂ ’ਤੇ ਆਉਂਦੇ-ਜਾਂਦੇ ਹਨ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਤੇਜ਼ ਸਿੰਘ ਗਿੱਲ, ਸਮਾਜ ਸੇਵੀ ਮੇਜਰ ਸਿੰਘ ਛੀਨਾ ਨੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਦੇ ਹੱਲ ਲਈ ਸਮਾਂ ਸੀਮਾਂ ਤੈਅ ਕਰਨ ਦੀ ਅਪੀਲ ਕੀਤੀ।