ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਅਗਸਤ
ਪੰਜਾਬ ’ਚ ਪਿਛਲੇ ਦਿਨੀ ਮਾਝੇ ਦੇ ਕੁਝ ਹਿੱਸੇ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰ ਮਾਲਵੇ, ਮਾਝੇ, ਦੁਆਬੇ ’ਚ ਦਰਿਆਵਾਂ ਦੇ ਕੰਢਿਆਂ ’ਤੇ ਵਸੇ ਰਾਅ ਸਿੱਖ ਬਰਾਦਰੀ ਦੇ ਲੋਕ ਸ਼ਰਾਬ ਦੇ ਧੰਦੇ ਨੂੰ ਪਿਤਾ ਪੁਰਖੀ ਸਮਝ ਕੇ ਸਦੀਆਂ ਤੋਂ ਸ਼ਰਾਬ ਤਸਕਰੀ ਕਰਦੇ ਆ ਰਹੇ ਹਨ। ਇਨ੍ਹਾਂ ਪਰਿਵਾਰਾਂ ’ਚ ਪੈਦਾ ਹੋਏ ਛੋਟੇ-ਛੋਟੇ ਬੱਚੇ ਵੀ ਇਸ ਕੰਮ ’ਚ ਪੂਰੇ ਮਾਹਿਰ ਹਨ।
ਦਰਿਆ ਕਿਨਾਰੇ ਪਲਾਸਟਿਕ ਦੇ ਲਿਫਾਫ਼ਿਆਂ ’ਚ ਘਟੀਆ ਗੁੜ ਪਾ ਕੇ ਉਸ ’ਚ ਕੈਮੀਕਲ ਮਿਲਾ ਕੇ ਇਹ ਲੋਕ ਲੋਹੇ ਅਤੇ ਮਜ਼ਬੂਤ ਲੱਕੜੀ ਦੀਆਂ ਫੱਟੀਆਂ ਆਦਿ ਗੱਡ ਕੇ ਆਪਣੀਆਂ ਨਿਸ਼ਾਨੀਆਂ ਲਗਾ ਕੇ ਛੱਡ ਦਿੰਦੇ ਹਨ। ਇਹ ਸਾਮਾਨ 10 ਤੋਂ 15 ਦਿਨ ਤੱਕ ਸ਼ਰਾਬ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨੂੰ ਕੱਢ ਕੇ ਹੋਰ ਜ਼ਹਿਰੀਲੇ ਕੈਮੀਕਲ ਮਿਲਾਏ ਜਾਂਦੇ ਹਨ ਤੇ ਤਿਆਰ ਹੋਈ ਸ਼ਰਾਬ ਪਲਾਸਟਿਕ ਦੀਆਂ ਥੈਲੀਆਂ, ਟਰੈਕਟਰਾਂ, ਟਰੱਕਾਂ, ਟਰਾਲੀਆਂ ਆਦਿ ਦੀਆਂ ਬਿਨਾਂ ਸਾਫ਼ ਕੀਤੀਆਂ ਟਿਊਬਾਂ ’ਚ ਪਾ ਕੇ ਪਿੰਡ-ਪਿੰਡ ਵੇਚੀ ਜਾਂਦੀ ਹੈ। ਸ਼ਰਾਬ ਤਸਕਰਾਂ ਦੇ ਪਿੰਡਾਂ ’ਚ ਪੱਕੇ ਗਾਹਕ ਬਣੇ ਹੋਏ ਹਨ। ਜਦੋਂ ਕੋਈ ਤਸਕਰ ਪਿੰਡ ’ਚ ਸ਼ਰਾਬ ਵੇਚਣ ਲਈ ਆਉਂਦਾ ਹੈ ਤਾਂ ਇੱਕ ਦੂਸਰੇ ਨੂੰ ਪਿਆਕੜ ਆਪਣੀ ਭਾਸ਼ਾ ਵਿੰਚ ‘ਜਹਾਜ਼ ਉੱਤਰਿਆ ਹੋਇਆ’ ਜਾਂ ‘ਸਕਾਈਲੈਬ ਆਇਆ’ ਆਦਿ ਨਾਵਾਂ ਨਾਲ ਸੰਬੋਧਨ ਕਰਦੇ ਹਨ।
ਕੁਝ ਲੋਕਾਂ ਵੱਲੋਂ ਇਸ ਧੰਦੇ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾਂਦੀ ਹੈ ਪਰ ਪੁਲੀਸ ਤੇ ਪ੍ਰਸਾਸ਼ਨ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ।