ਪੱਤਰ ਪ੍ਰੇਰਕ
ਦੋਰਾਹਾ, 25 ਅਗਸਤ
ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨੂੰ ਗੰਨੇ ਦਾ ਭਾਅ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ’ਤੇ ਕਰਨ ਲਈ ਵਿੱਢੇ ਅੰਦੋਲਨ ਦੇ ਤੀਜੇ ਪੜਾਅ ਦੀ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ ਨੇ 50 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦੇ ਐਲਾਨ ’ਤੇ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਦੀ ਜਿੱਤ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਬਲਦੇਵ ਸਿੰਘ ਮੀਆਂਪੁਰ, ਪ੍ਰਗਟ ਸਿੰਘ ਕੋਟ ਪਨੈਚ ਅਤੇ ਗੁਰਬਚਨ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਅੱਜ 9 ਮਹੀਨੇ ਪੂਰੇ ਹੋ ਗਏ ਹਨ ਅਤੇ ਇਹ ਸਭ ਤੋਂ ਲੰਬਾ ਚੱਲਣ ਵਾਲਾ ਵਿਸ਼ਵ ਪੱਧਰੀ ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਮਨਵਾ ਕੇ ਸਮੁੱਚੇ ਕਿਸਾਨ ਮੋਰਚੇ ਨੇ ਅੰਦੋਲਨ ਨਾਲ ਜੁੜੇ ਦੇਸ਼ ਭਰ ਦੇ ਭਾਈਚਾਰਿਆਂ ਵਿਚ ਨਵੀਂ ਰੂਹ ਫੂਕ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਨਾਲ ਹਾਕਮ ਧਿਰਾਂ ਦੋ ਕਦਮ ਪਿੱਛੇ ਤੇ ਸੰਯੁਕਤ ਕਿਸਾਨ ਮੋਰਚਾ ਅੱਗੇ ਵੱਧਣ ਲਈ ਉਤਸ਼ਾਹਿਤ ਹੋਇਆ ਹੈ। ਉਪਰੋਕਤ ਆਗੂਆਂ ਨੇ ਨੌਜਵਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਕਾਫ਼ਲਿਆਂ ਵਿਚ ਦਿੱਲੀ ਅੰਦੋਲਨ ਵਿਚ ਹਾਜ਼ਰੀ ਭਰਨ ਲਈ ਪ੍ਰੇਰਿਤ ਕੀਤਾ।