ਦੇਵਿੰਦਰ ਸਿੰਘ ਜੱਗੀ
ਪਾਇਲ, 15 ਸਤੰਬਰ
ਨੇੜਲੇ ਪਿੰਡ ਸਿਹੌੜਾ ਸਾਹਿਬ ਦੇ ਯੂਥ ਕਲੱਬ, ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਬੱਸ ਸਟੈਂਡ ਸਿਹੋੜਾ ਵਿੱਚ ਵਾਲ ਕੱਟਣ ਦੀ ਦੁਕਾਨ ਕਰਨ ਵਾਲੇ ਨਸ਼ਾ ਤਸਕਰ ਜਬਰ ਸਿੰਘ ਜਬਰੂ ਨੂੰ ਰੰਗੇ ਹੱਥੀਂ ਫੜ ਕੇ ਮਲੌਦ ਪੁਲੀਸ ਦੇ ਹਵਾਲੇ ਕੀਤਾ।
ਸਰਪੰਚ ਇਸ਼ਵਿੰਦਰ ਕੌਰ ਦੇ ਪਤੀ ਸਮਾਜ ਸੇਵੀ ਜਗਜੀਵਨ ਸਿੰਘ ਕਾਲਾ ਨੇ ਪੰਚਾਇਤ ਦੀ ਤਰਫੋਂ ਪਾਈ ਵੀਡੀਓ ਵਿੱਚ ਕਿਹਾ ਕਿ ਜਬਰ ਸਿੰਘ ਜਬਰੂ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦੀ ਤਸਕਰੀ ਕਰਦਾ ਆ ਰਿਹਾ ਹੈ ਜੋ ਦੁਕਾਨ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ। ਉਨ੍ਹਾਂ ਸਿਹੋੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਪਿੰਡ ਦਾ ਮੋਹਤਬਰ ਵਿਅਕਤੀ ਇਸ ਤਸਕਰ ਦੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਵੀ ਪੰਚਾਇਤ ਕਰਵਾਈ ਕਰੇਗੀ ਅਤੇ ਪਿੰਡ ਵਾਸੀ ਉਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਗੇ। ਜਦੋਂ ਇਸ ਸਬੰਧੀ ਥਾਣਾ ਮਲੌਦ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਫੀ ਸਮੇਂ ਤੋਂ ਚਿੱਟੇ ਦਾ ਕੰਮ ਕਰਦਾ ਸੀ ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਸ ਖਿਲਾਫ਼ ਪਰਚਾ ਦਰਜ ਕਰ ਲਿਆ ਹੈ।