ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਸਤੰਬਰ
ਸ਼ਹਿਰ ਦੇ ਲੋਕਾਂ ਨੂੰ ਤੇਜ਼ ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਪਿਛਲੇਂ ਇੱਕ ਮਹੀਨੇ ਤੋਂ ਲੋਕ ਹੁੰਮਸ ਭਰੀ ਗਰਮੀ ਝੱਲ ਰਹੇ ਸਨ। ਪਸੀਨੇ ਨਾਲ ਤਰਬਤਰ ਕਰਨ ਵਾਲੀ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ। ਸ਼ਨਿੱਚਰਵਾਰ ਦੁਪਹਿਰ ਨੂੰ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਨਾਲ ਮੌਸਮ ਦਾ ਮਿਜਾਜ਼ ਬਦਲ ਗਿਆ। ਜਿਵੇਂ ਹੀ ਦੁਪਹਿਰ ਸਾਢੇ 3 ਵਜੇ ਬੱਦਲ ਹੋਏ ਤਾਂ ਲੋਕਾਂ ਦੇ ਚਿਹਰੇ ਖਿੜ੍ਹ ਗਏ। ਹਾਲਾਂਕਿ ਅਚਾਨਕ ਆਏ ਮੀਂਹ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ। ਮੌਸਮ ਵਿਭਾਗ ਦੇ ਵੱਲੋਂ ਮੀਂਹ ਨੂੰ ਲੈ ਕੇ ਪਹਿਲਾਂ ਕੋਈ ਅਨੁਮਾਨ ਜਾਰੀ ਨਹੀਂ ਕੀਤਾ ਗਿਆ ਸੀ।
ਮੀਂਹ ਦੇ ਆਉਂਦੇ ਹੀ ਗਰਮੀ ਨਾਲ ਰਾਹਤ ਮਿਲ ਗਈ ਹੈ। ਸ਼ਹਿਰ ਦੇ ਘੁਮਾਰ ਮੰਡੀ, ਪੀਏਯੂ, ਗੁਰਦੇਵ ਨਗਰ, ਮਾਲ ਰੋਡ, ਭਾਰਤ ਨਗਰ ਚੌਂਕ ਸਮੇਤ ਆਸਪਾਸ ਦੇ ਇਲਾਕਿਆਂ ’ਚ ਮੀਂਹ ਪਇਆ। ਹਾਲਾਂ ਕਿ ਚੰਡੀਗੜ੍ਹ ਰੋਡ, ਸਮਰਾਲਾ ਚੌਕ, ਜਲੰਧਰ ਬਾਈਪਾਸ ਦੇ ਆਸਪਾਸ ਪੈਂਦੇ ਇਲਾਕਿਆਂ ’ਚ ਵੀ ਬੱਦਲ ਛਾਏ ਰਹੇ। ਇਸ ਸਾਲ ਸਤੰਬਰ ਮਹੀਨੇ ’ਚ ਪਹਿਲੀ ਵਾਰ ਮੀਂਹ ਪਿਆ ਹੈ। ਇਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਅਗਸਤ ’ਚ ਵੀ ਮੀਂਹ ਘੱਟ ਪਿਆ ਸੀ। ਇਸ ਦੇ ਚੱਲਦੇ ਕਿਸਾਨ ਵੀ ਪ੍ਰੇਸ਼ਾਨ ਹੋ ਰਹੇ ਸਨ। ਆਉਣ ਵਾਲੇ ਦਿਨਾਂ ’ਚ ਮੌਸਮ ਦੇ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ 13 ਸਤੰਬਰ ਨੂੰ ਲੁਧਿਆਣਾ ਦੇ ਆਸਪਾਸ ਫਿਰ ਮੀਂਹ ਪੈ ਸਕਦਾ ਹੈ।