ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਜੂਨ
ਇੱਥੇ ਸ਼ਹਿਰ ਦੇ ਪੁਰਾਤਨ ਭੱਦਰਕਾਲੀ ਮੰਦਰ ਦੇ ਕੋਲ ਖੜ੍ਹੇ ਸਰਕੰਡੇ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਅੱਗ ਕਾਰਨ ਹਜ਼ਾਰਾਂ ਪੰਛੀ ਜ਼ਿੰਦਾ ਸੜ੍ਹ ਗਏ। ਜਾਣਕਾਰੀ ਅਨੁਸਾਰ ਇਹ ਕੋਈ ਪਹਿਲੀ ਵਾਰ ਨਹੀਂ ਹਰ ਸਾਲ ਇਸ ਰੁੱਤ ਵਿੱਚ ਇੱਥੇ ਅੱਗ ਲੱਗਦੀ ਹੈ ਜਿਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮੌਕੇ ’ਤੇ ਸੂਚਨਾ ਮਿਲਣ ’ਤੇ ਪੁੱਜੇ ਨਗਰ ਕੌਂਸਲ ਅੱਗ ਬੁਝਾਊ ਅਮਲੇ ਨੇ ਕਾਫ਼ੀ ਦੇਰ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਸਥਾਨਕ ਲੋਕਾਂ ਦਾ ਸਹਿਯੋਗ ਵੀ ਕਾਫੀ ਮੱਦਦਗਾਰ ਸਹਾਈ ਹੋਇਆ। ਇਸ ਅੱਗ ਨਾਲ ਪੰਛੀਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਬੂਟੇ, ਦਰੱਖਤ ਆਦਿ ਵੀ ਸੜ੍ਹ ਕੇ ਸੁਆਹ ਹੋ ਗਏ। ਜ਼ਿਕਰਯੋਗ ਹੈ ਕਿ ਇਹ ਥਾਂ ਨਗਰ ਕੌਂਸਲ ਦੀ ਮਾਲਕੀ ਵਾਲੀ ਹੈ ਇੱਥੇ ਛੱਪੜ ’ਤੇ ਨਾਜ਼ਾਇਜ ਕਬਜ਼ਿਆਂ ਦੀ ਭਰਮਾਰ ਹੈ, ਹਰ ਸਾਲ ਇੱਥੇ ਕਬਜ਼ੇ ਕੀਤੇ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਅੱਗ ਲੱਗਦੀ ਹੈ ਜੋ ਅੱਜ ਤੱਕ ਭੇਤ ਬਣੀ ਹੋਈ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਕੁਮਾਰ ਜੋ ਕਿ ਮੌਕੇ ’ਤੇ ਮੌਜੂਦ ਸਨ ਨੇ ਨਾਜ਼ਾਇਜ ਕਬਜਿਆਂ ਬਾਰੇ ਅਤੇ ਹਰ ਵਰ੍ਹੇ ਅੱਗ ਲੱਗਣ ਦੀ ਘਟਨਾ ਨੂੰ ਸਵੀਕਾਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਥੋਂ ਦੀ ਨਿਸ਼ਾਨਦੇਹੀ ਕਰਵਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਕਿਸੇ ਨੂੰ ਵੀ ਕਬਜ਼ਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।