ਸਤਵਿੰਦਰ ਬਸਰਾ
ਲੁਧਿਆਣਾ, 8 ਅਗਸਤ
ਦੇਸ਼ ਦੇ ਸਮਾਰਟ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਸੜਕਾਂ ਰੋਜ਼ਾਨਾ ਪੈਂਦੇ ਮੀਂਹ ਨੇ ਖਸਤਾ ਕਰਕੇ ਰੱਖ ਦਿੱਤੀਆਂ ਹਨ। ਸ਼ਹਿਰ ਦੀਆਂ ਗਿਣਤੀ ਦੀਆਂ ਸੜਕਾਂ ਨੂੰ ਛੱਡ ਕਿ ਬਾਕੀ ਸੜਕਾਂ ਵਿੱਚ ਵੱਡੇ ਅਤੇ ਡੂੰਘੇ ਟੋਏ ਪਏ ਆਮ ਦੇਖੇ ਜਾ ਸਕਦੇ ਹਨ। ਸੜਕਾਂ ਦੀ ਮਾੜੀ ਹਾਲਤ ਕਰਕੇ ਵਾਹਨ ਚਾਲਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਦੀਆਂ ਕੁੱਝ ਕੁ ਮੁੱਖ ਸੜਕਾਂ ਨੂੰ ਛੱਡ ਕਿ ਲਿੰਕ ਸੜਕਾਂ ਦੀ ਹਾਲਤ ਬਰਸਾਤੀ ਮੌਸਮ ਨੇ ਪੂਰੀ ਤਰ੍ਹਾਂ ਖਸਤਾ ਕਰ ਦਿੱਤੀ ਹੈ। ਕਈ ਸੜਕਾਂ ਤਾਂ ਅਜਿਹੀਆਂ ਹਨ, ਜਿੱਥੇ ਬਿਨਾਂ ਮੀਂਹ ਤੋਂ ਵੀ ਪਾਣੀ ਖੜ੍ਹਾ ਰਹਿੰਦਾ ਹੈ ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਸ਼ਹਿਰ ਦੇ ਆਸ-ਪਾਸ ਪੈਂਦੀਆਂ ਕਾਲੋਨੀਆਂ ਵਿੱਚ ਹੰਬੜਾਂ ਰੋਡ, ਧਾਂਦਰਾ ਰੋਡ, ਤਾਜਪੁਰ ਰੋਡ, ਟਿੱਬਾ ਰੋਡ, ਜਵਾਹਰ ਨਗਰ ਕੈਂਪ, ਸ਼ਿਗਾਰ ਸਿਨੇਮਾ ਰੋਡ, ਵਰਧਮਾਨ ਰੋਡ, ਟ੍ਰਾਂਸਪੋਰਟ ਨਗਰ, ਰਾਹੋਂ ਰੋਡ, ਸ਼ਿਵਾਜੀ ਨਗਰ ਦੀਆਂ ਸੜਕਾਂ ਵਿੱਚ ਵੱਡੇ ਵੱਡੇ ਟੋਏ ਆਮ ਦੇਖੇ ਜਾ ਸਕਦੇ ਹਨ। ਰਾਤ ਸਮੇਂ ਹਨ੍ਹੇਰਾ ਹੋਣ ਕਰਕੇ ਕਈ ਵਾਰ ਇਹ ਟੋਏ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਕਈ ਹਾਦਸੇ ਹੋ ਰਹੇ ਹਨ। ਭਾਵੇਂ ਨਿਗਮ ਜਾਂ ਆਮ ਲੋਕਾਂ ਵੱਲੋਂ ਕਈ ਸੜਕਾਂ ਵਿੱਚ ਬਣੇ ਖੱਡੇ ਮਿੱਟੀ ਆਦਿ ਨਾਲ ਭਰ ਦਿੱਤੇ ਜਾਂਦੇ ਹਨ ਪਰ ਦੁਬਾਰਾ ਮੀਂਹ ਪੈਣ ਕਾਰਨ ਹਾਲਤ ਜਿਉਂ ਦੀ ਤਿਉਂ ਬਣ ਜਾਂਦੀ ਹੈ। ਇੱਥੋਂ ਦੇ ਵਰਧਮਾਨ ਰੋਡ ਅਤੇ ਟ੍ਰਾਂਸਪੋਰਟ ਨਗਰ ਦੀਆਂ ਸੜਕਾਂ ’ਤੇ ਤਾਂ ਕਈ ਵਾਰ ਬਿਨਾਂ ਮੀਂਹ ਤੋਂ ਵੀ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਸੜਕਾਂ ਤੋਂ ਲੰਘਣ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਨਅਤੀ ਸ਼ਹਿਰ ਸਿਰਫ ਨਾਮ ਦਾ ਹੀ ਸਮਾਰਟ ਸਿਟੀ ਹੈ ਜਦਕਿ ਅਸਲ ਹਾਲਤ ਦੇਖਿਆਂ ਹੀ ਪਤਾ ਲੱਗਦੀ ਹੈ।