ਗਗਨਦੀਪ ਅਰੋੜਾ
ਲੁਧਿਆਣਾ, 22 ਜਨਵਰੀ
ਲੁਧਿਆਣਾ ’ਚ ਇੱਕ ਵਾਰ ਫਿਰ ਤੋਂ ਮੌਸਮ ਬਦਲ ਰਿਹਾ ਹੈ। ਇੱਥੇ ਸਵੇਰੇ ਕੁੱਝ ਸਮੇਂ ਲਈ ਸੂਰਜ ਨਿਕਲਣ ਤੋਂ ਬਾਅਦ ਮੌਸਮ ਇੱਕ ਦਮ ਬਦਲ ਗਿਆ ਤੇ ਮੀਂਹ ਸ਼ੁਰੂ ਹੋ ਗਿਆ। ਉਧਰ, ਮੌਸਮ ਵਿਗਿਆਨੀਆਂ ਨੇ ਵੀ ਪੰਜਾਬ ’ਚ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਸ਼ਨਿੱਚਰਵਾਰ ਨੂੰ ਲੁਧਿਆਣਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਂਦਾ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਸ਼ੇਸ਼ ਮਾਹਿਰ ਡਾ. ਕੇਕੇ ਗਿੱਲ ਨੇ ਕਿਹਾ ਕਿ ਜਨਵਰੀ ’ਚ ਤੀਜੀ ਵਾਰ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਇਸ ਵਾਰ ਵੀ ਪੱਛਮੀ ਗੜਬੜੀ ਕਾਫ਼ੀ ਮਜ਼ਬੂਤ ਸਥਿਤੀ ਵਿਚ ਹੈ। ਇਸ ਦੇ ਨਾਲ ਹੀ ਕਈ ਜ਼ਿਲਿਆਂ ’ਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ। ਗੜ੍ਹੇਮਾਰੀ ਨਾਲ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਆਉਣ ਵਾਲੇ ਇੱਕ ਦੋ ਦਿਨ ਹਾਲੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਸੋਮਵਾਰ ਨੂੰ ਪੱਛਮੀ ਗੜਬੜੀ ਦਾ ਪ੍ਰਭਾਵ ਖ਼ਤਮ ਹੋ ਜਾਵੇਗਾ ਅਤੇ ਮੌਸਮ ਸਾਫ਼ ਹੋਣ ਦੇ ਆਸਾਰ ਹਨ।
ਉਨ੍ਹਾਂ ਕਿਹਾ ਕਿ ਮੌਸਮ ’ਚ ਆ ਰਹੇ ਬਦਲਾਅ ਨੂੰ ਲੈ ਕੇ ਕਿਸਾਨਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਦੋ ਦਿਨਾਂ ਤੱਕ ਫ਼ਸਲਾਂ ਦੀ ਸਿੰਜਾਈ ਨਾ ਕਰਨ ਅਤੇ ਨਾ ਹੀ ਸਪਰੇਅ ਦਾ ਛਿੜਕਾਅ ਕਰਨ। ਪਿਛਲੇ ਕਈ ਸਾਲਾਂ ਦੇ ਮੁਕਾਬਲੇ ’ਚ ਇਸ ਵਾਰ ਜਨਵਰੀ ’ਚ ਪੂਰੇ ਪੰਜਾਬ ਅੰਦਰ ਕਾਫ਼ੀ ਮੀਂਹ ਪਿਆ ਹੈ। ਲੁਧਿਆਣਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਾਰ ਫਿਰ ਤੋਂ ਠੰਢ ਵਧ ਗਈ ਤੇ ਲੋਕਾਂ ਨੂੰ ਕੰਬਣੀ ਛਿੜਣ ਲੱਗੀ। ਸਵੇਰੇ 8 ਵਜੇ ਤਾਪਮਾਨ 7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂਕਿ ਹਵਾ ਦੀ ਗੁਣਵੱਤਾ 109 ਦੇ ਪੱਧਰ ’ਤੇ ਰਹੀ।
ਮੌਸਮ ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਪੱਛਮੀ ਗੜਬੜੀ ਹੋਣ ਨਾਲ ਸ਼ਹਿਰ ’ਚ ਦੋ ਦਿਨਾਂ ਤੱਕ ਮੀਂਹ ਰਹੇਗਾ। ਐਤਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਦੱਸ ਦੇਈਏ ਕਿ ਸਾਲ ਜਨਵਰੀ ’ਚ ਕਾਫ਼ੀ ਮੀਹ ਪੈ ਚੁੱਕਿਆ ਹੈ।