ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਸਮਾਰਟ ਸਿਟੀ ’ਚ ਅੱਜ ਦੁਪਹਿਰੇ ਪਏ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਤਾਂ ਰਾਹਤ ਦਿੱਤੀ ਹੀ, ਪਰ ਨਾਲ ਹੀ ਮੀਂਹ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਵੀ ਲੈ ਕੇ ਆਇਆ। ਸ਼ਹਿਰ ਵਿੱਚ ਕਈ ਥਾਵਾਂ ’ਤੇ ਤੇਜ਼ ਮੀਂਹ ਤੋਂ ਬਾਅਦ ਪਾਣੀ ਭਰ ਗਿਆ। ਉਸਦੇ ਨਾਲ ਹੀ ਬਿਜਲੀ ਬੰਦ ਹੋ ਗਈ ਤੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਟਰੈਫਿਕ ਜਾਮ ਵਰਗਾ ਮਾਹੌਲ ਹੋ ਗਿਆ।
ਸ਼ਹਿਰ ਦੇ ਬਸਤੀ ਜੋਧੇਵਾਲ, ਦੁੱਗਰੀ, ਆਤਮ ਨਗਰ, ਗਿੱਲ ਰੋਡ, ਜਨਤਾ ਨਗਰ, ਦਸਮੇਸ਼ ਨਗਰ, ਢੰਡਾਰੀ, ਸੰਤ ਈਸ਼ਰ ਨਗਰ, ਸ਼ਿਮਲਾਪੁਰੀ, ਮਿਲਰਗੰਜ, ਗੁਰੂ ਗਿਆਨ ਵਿਹਾਰ, ਪ੍ਰਕਾਸ਼ ਨਗਰ, ਕਰਨੈਲ ਸਿੰਘ ਨਗਰ, ਫੁੱਲਾਂਵਾਲ, ਮੋਤੀ ਨਗਰ, ਸਰਾਭਾ ਨਗਰ, ਮਡਾਲ ਟਾਊਨ, ਮਾਡਲ ਹਾਊਸ, ਪੱਖੋਵਾਲ ਰੋਡ, ਪੰਜਾਬ ਮਾਤਾ ਨਗਰ, ਘੁਮਾਰ ਮੰਡੀ, ਸਲੇਮ ਟਾਬਰੀ, ਨੂਰਵਾਲਾ ਰੋਡ, ਹੈਬੋਵਾਲ, ਸੁੰਦਰ ਨਗਰ, ਬਸਤੀ ਜੋਧੇਵਾਲ, ਟਿੱਬਾ ਰੋਡ, ਅਸ਼ੋਕ ਨਗਰ, ਫੀਲਡਗੰਜ, ਕਿਦਵਈ ਨਗਰ, ਜਨਕਪੁਰੀ, ਭਾਰਤ ਨਗਰ ਚੌਕ ਸਣੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਤੇ ਬਿਜਲੀ ਬੰਦ ਰਹਿਣ ਦੀ ਸਮੱਸਿਆ ਤੋਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਇਲਾਵਾ ਮੀਂਹ ਨਾਲ ਕਈ ਮੁੱਹਲਿਆਂ ’ਚ ਪਾਣੀ ਵੀ ਭਰ ਗਿਆ। ਇਸ ਨਾਲ ਸੀਵਰੇਜ ਓਵਰਫਲੋਅ ਹੋ ਗਿਆ ਤੇ ਗੰਦਾ ਪਾਣੀ ਸੜਕਾਂ ’ਤੇ ਆ ਗਿਆ। ਸੜਕਾਂ ’ਤੇ ਪਾਣੀ ਕਾਰਨ ਜਾਮ ਵੀ ਲੱਗ ਗਿਆ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਟਰੈਫਿਕ ਜਾਮ ਦਾ ਮਾਹੌਲ ਵੀ ਰਿਹਾ ਜਿਸ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਚੰਡੀਗੜ੍ਹ ਰੋਡ ਵਾਲੇ ਪਾਸੇ ਕਰਨੀ ਪਈ। ਜਿਥੇ ਪਿਛਲੇ ਦਿਨੀਂ ਪਏ ਮੀਂਹ ਦਾ ਹੀ ਹਾਲੇ ਪਾਣੀ ਨਿਕਲਿਆ ਨਹੀਂ ਸੀ ਕਿ ਉਤੋਂ ਅੱਜ ਪਏ ਤੇਜ਼ ਮੀਂਹ ਕਾਰਨ ਸੜਕਾਂ ’ਤੇ ਕਾਫ਼ੀ ਪਾਣੀ ਖੜ੍ਹਾ ਹੋ ਗਿਆ। ਹਾਲਾਂਕਿ, ਮੀਂਹ ਤੋਂ ਬਾਅਦ ਉਥੇ ਨਗਰ ਨਿਗਮ ਦੇ ਅਧਿਾਕਰੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਲਈ ਲੱਗੇ ਰਹੇ। ਪਰ ਦੇਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਨਹੀਂ ਸੀ ਹੋ ਸਕੀ।