ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 21 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਦੁਲਮਾਂ ਦੇ ਕਿਸਾਨਾਂ ਨੇ ਅੱਜ ਮਤੋਈ ਫੋਕਲ ਪੁਆਇੰਟ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਇਕਾਈ ਦੁਲਮਾਂ ਦੇ ਪ੍ਰਧਾਨ ਹਾਕਮ ਸਿੰਘ ਨੇ ਆਖਿਆ ਕਿ ਇੱਕ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੈ।
ਉਨ੍ਹਾਂ ਦੱਸਿਆ ਕਿ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦਾ ਝੋਨਾ ਫੋਕਲ ਪੁਆਇੰਟ ਦਾਣਾ ਮੰਡੀ ਮਤੋਈ ਵਿੱਚ ਪਹੁੰਚਦਾ ਹੈ ਪਰ ਇੱਥੇ ਹਾਲੇ ਤੱਕ ਖਰੀਦ ਸ਼ੁਰੂ ਨਹੀਂ ਕਰਵਾਈ ਗਈ ਅਤੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ, ਜਿਸ ਖ਼ਿਲਾਫ਼ ਅੱਜ ਇਕੱਠੇ ਹੋਏ ਕਿਸਾਨਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਖਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਰਮਨ ਸਿੰਘ ਗਿੱਲ ਨੇ ਆਖਿਆ ਕਿ ਬੀਤੇ ਦੋ ਦਿਨਾਂ ਤੋਂ ਹੀ ਦਾਣਾ ਮੰਡੀ ਵਿੱਚ ਕੁਝ ਕੁ ਕਿਸਾਨਾਂ ਦਾ ਝੋਨਾ ਆਉਣਾ ਸ਼ੁਰੂ ਹੋਇਆ ਹੈ, ਜਿਸ ਦੀ ਦੋ ਦਿਨ ਪਹਿਲਾਂ ਬੋਲੀ ਹੋ ਚੁੱਕੀ ਹੈ ਅਤੇ ਬੀਤੇ ਦਿਨ ਆਏ ਝੋਨੇ ਦੀ ਸਫਾਈ ਤੋਂ ਬਾਅਦ ਅੱਜ ਬੋਲੀ ਕਰ ਦਿੱਤੀ ਗਈ ਹੈ, ਜਿਸ ਦੀ ਅੱਜ ਹੀ ਬਾਰਦਾਨਾ ਪਹੁੰਚਣ ’ਤੇ ਭਰਾਈ ਕਰ ਦਿੱਤੀ ਜਾਵੇਗੀ। ਇਸ ਮੌਕੇ ਇਕਾਈ ਪ੍ਰਧਾਨ ਮਤੋਈ ਜਸਬੀਰ ਸਿੰਘ, ਸਿਕੰਦਰ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ ਦੁਲਮਾਂ, ਨਰਿੰਦਰ ਸਿੰਘ ਦੁਲਮਾ, ਜਰਨੈਲ ਸਿੰਘ ਅਤੇ ਅਮਰੀਕ ਸਿੰਘ ਹਾਜ਼ਰ ਸਨ।