ਪੱਤਰ ਪ੍ਰੇਰਕ
ਸਮਰਾਲਾ, 10 ਜਨਵਰੀ
ਪਾਵਰਕੌਮ ਦੇ ਪੈਨਸ਼ਨਰਾਂ ਵੱਲੋਂ ਮੀਟਿੰਗ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ 11 ਜਨਵਰੀ ਨੂੰ ਦਿੱਤਾ ਜਾਣ ਵਾਲਾ ਧਰਨਾ ਚੋਣ ਜ਼ਾਬਤਾ ਲੱਗਣ ਕਾਰਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਉਹ ਚੋਣ ਜ਼ਾਬਤੇ ਦੀ ਪਰਵਾਹ ਕੀਤੇ ਬਗੈਰ ਸੰਘਰਸ਼ ਦਾ ਬਿਗਲ ਵਜਾ ਦੇਣਗੇ। ਇਸ ਮੀਟਿੰਗ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਤਰਾਂ ਦੇ ਭੱਤੇ ਅਤੇ ਪੇਅ ਸਕੇਲ 2016 ਤੋਂ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਹਰ ਤਰਾਂ ਦੇ ਭੱਤੇ ਅਤੇ ਪੇਅ ਸਕੇਲ 1-1-16 ਤੋਂ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਡੀ. ਏ. ਸਬੰਧੀ ਸਰਕਾਰ ਦੁਆਰਾ 119 ਪ੍ਰਤੀਸ਼ਤ ਮੰਨਣ ਉਪਰੰਤ ਫਿਰ ਵੀ 113 ਪ੍ਰਤੀਸ਼ਤ ਨਾਲ ਹੀ ਦਿੱਤਾ ਜਾ ਰਿਹਾ ਹੈ, ਇਸ ਸਬੰਧੀ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਪਿਛਲੇ ਬਕਾਏ ਯਕਮੁਸ਼ਤ ਦਿੱਤੇ ਜਾਣ ਦੀ ਮੰਗ ਕੀਤੀ ਗਈ।