ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜੂਨ
ਸਨਅਤੀ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ, ਸੀਵਰੇਜ ਤੇ ਪਾਣੀ ਬਿੱਲਾਂ ਦੀ ਰਿਕਵਰੀ ਨੂੰ ਤੇਜ਼ ਕਰਨ ਲਈ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਸਾਰੇ ਸੁਵਿਧਾ ਕੇਂਦਰਾਂ ’ਤੇ ਪ੍ਰਾਪਰਟੀ ਟੈਕਸ, ਸੀਵਰੇਜ਼ ਤੇ ਪਾਣੀ ਦੇ ਬਿੱਲਾਂ ਲਈ ਸਿੰਗਲ ਵਿੰਡੋ ਸਿਸਟਮ ਕੀਤਾ ਜਾਵੇ। ਇਸ ਤੋਂ ਇਲਾਵਾ ਸੀਵਰੇਜ਼ ਤੇ ਪਾਣੀ ਦੇ ਬਿੱਲ ਜਮ੍ਹਾ ਕਰਵਾਉਣ ਲਈ ਆਨ-ਲਾਈਨ ਵੀ ਪ੍ਰਬੰਧ ਜਲਦੀ ਕੀਤਾ ਜਾਵੇਗਾ।
ਪ੍ਰਾਪਰਟੀ ਟੈਕਸ ਦੇ ਡਿਫ਼ਾਲਟਰਾਂ ’ਤੇ ਕਾਰਵਾਈ ਕੀਤੀ ਜਾਵੇ। ਪੰਜ ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਡਿਫਾਲਟਰਾਂ ਦੀ ਸੂਚੀ ਤਿਆਰ ਹੈ। ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਨੋਟਿਸ ਭੇਜੇ ਜਾਣਗੇ। ਇਸ ਤੋਂ ਬਾਅਦ ਅਗਰ ਫਿਰ ਵੀ ਲੋਕ ਪੈਸੇ ਨਹੀਂ ਦੇਣਗੇ ਤਾਂ ਫਿਰ ਸੀਲਿੰਗ ਕੀਤੀ ਜਾਏਗੀ।
ਉਸਦੇ ਨਾਲ ਹੀ ਓਐਂਡਐੱਸ ਬ੍ਰਾਂਚ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਹੁਣ ਸੀਵਰੇਜ ਤੇ ਪਾਣੀ ਬਿੱਲ ਆਨਲਾਈਨ ਹੋ ਜਾਣੇ ਚਾਹੀਦੇ ਹਨ। ਡੋਰ-ਟੂ-ਡੋਰ ਸੀਵਰੇਜ ਤੇ ਪਾਣੀ ਦੇ ਬਿੱਲ, ਪ੍ਰਾਪਰਟੀ ਟੈਕਸ ਤੇ ਡਿਸਪੋਜ਼ਲ ਬਿੱਲ ਦੀ ਵਸੂਲੀ ਲਈ ਇੱਕ ਟੀਮ ਤਿਆਰ ਕੀਤੀ ਜਾਵੇਗੀ। ਸੀਵਰੇਜ ਤੇ ਪਾਣੀ ਦੇ 2.50 ਲੱਖ ਕੁਨੈਕਸ਼ਨਾਂ ਦੀ ਪੂਰੀ ਰਿਪੋਰਟ ਤਿਆਰ ਕੀਤੀ ਜਾਵੇ।
ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਇਸ ਤੋਂ ਬੁੱਚੜਖਾਨਿਆਂ ਦਾ ਵੀ ਦੌਰਾ ਕੀਤਾ। ਇਸ ਦੌਰਾਨ ਸ਼ਹਿਰ ਦੇ ਮੀਟ ਵਿਕਰੇਤਾਵਾਂ ਨੂੰ ਵੀ ਸੱਦਿਆ ਗਿਆ ਸੀ। ਕਮਿਸ਼ਨਰ ਨੇ ਉਨ੍ਹਾਂ ਨੂੰ ਪੂਰਾ ਪਲਾਂਟ ਦਿਖਾਇਆ। ਇਸ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਨਿਗਮ ਕਮਿਸ਼ਨਰ ਨੇ ਮੀਟ ਵਿਰਕੇਤਾ ਨੂੰ ਕਿਹਾ ਕਿ ਇੱਕ ਹਫ਼ਤੇ ਤੋਂ ਬਾਅਦ ਨਾਜਾਇਜ਼ ਤਰੀਕੇ ਨਾਲ ਕਟਾਈ ’ਤੇ ਮੀਟ ਵੇਚਣ ਵਾਲਿਆਂ ਦੇ ਖਿਲ਼ਾਫ਼ ਨਿਗਮ ਕਾਰਵਾਈ ਕਰੇਗਾ। ਇਸ ’ਚ ਜੇਕਰ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਸਦਾ ਹੱਲ ਕੀਤਾ ਜਾਵੇਗਾ। ਬੁੱਚੜਖਾਨੇ ’ਚ ਕੋਲਡ ਚੇਨ ਦਾ ਪ੍ਰਬੰਧ ਵੀ ਹੈ। ਸ਼ਹਿਰ ’ਚ ਕਿਸੇ ਨੂੰ ਵੀ ਨਾਜਾਇਜ਼ ਤਰੀਕੇ ਨਾਲ ਜਾਨਵਰ ਕੱਟ ਕੇ ਮੀਟ ਨਹੀਂ ਵੇਚਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਨਗਰ ਨਿਗਮ ਦੀ ਕਾਰਵਾਈ ਦੌਰਾਨ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਪਲਾਂਟ ਚਲਾਉਣ ਲਈ ਕਿਹਾ, ਜਿਸ ਨਾਲ ਸਮੇਂ ’ਤੇ ਦੁਕਾਨਾਂ ’ਤੇ ਮੀਟ ਦੀ ਸਪਲਾਈ ਕੀਤੀ ਜਾ ਸਕੇ।