ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਮਈ
ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਭਮਾਂ ਕਲਾਂ ਵਿੱਚ ਪੰਚਾਇਤ ਵਿਭਾਗ ਨੇ ਕਰੀਬ 200 ਏਕੜ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਦਾ ਕਬਜ਼ਾ ਲੈਣਾ ਸੀ ਪਰ ਅੱਜ ਲੋਕਾਂ ਦੇ ਭਾਰੀ ਰੋਹ ਕਾਰਨ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ। ਅੱਜ ਪਿੰਡ ਭਮਾਂ ਕਲਾਂ ਵਿੱਚ ਕਰੀਬ 200 ਗਰੀਬ ਕਿਸਾਨਾਂ ਦੇ ਹੱਕ ਵਿਚ ਜਿੱਥੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਵਿਕਰਮ ਸਿੰਘ ਬਾਜਵਾ ਆਏ ਉੱਥੇ ਆਸ-ਪਾਸ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਕਈ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਵੀ ਪੁੱਜੀਆਂ ਹੋਈਆਂ ਸਨ ਤਾਂ ਜੋ ਪੰਚਾਇਤ ਵਿਭਾਗ ਦੀ ਕਾਰਵਾਈ ਨੂੰ ਰੋਕਿਆ ਜਾ ਸਕੇ। ਇਸ ਮੌਕੇ ਗਰੀਬ ਕਿਸਾਨਾਂ ਦੇ ਹੱਕ ਵਿਚ ਆਏ ਕਾਂਗਰਸ ਆਗੂ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਸਭ ਤੋਂ ਪਹਿਲਾਂ ਵੱਡੇ ਸਰਮਾਏਦਾਰ ਜਿਨ੍ਹਾਂ ਨੇ ਕਰੋੜਾਂ ਰੁਪਏ ਦੀਆਂ ਪੰਚਾਇਤੀ ਜਮੀਨਾਂ ’ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਨੱਥ ਪਾਵੇ ਪਰ ਇਹ ਸਰਕਾਰ ਨੇ ਗਰੀਬਾਂ ਨੂੰ ਹੀ ਨਿਸ਼ਾਨਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਮਾਂ ਕਲਾਂ ਦੇ ਕਿਸਾਨਾਂ ਨੇ ਆਜ਼ਾਦੀ ਤੋਂ ਬਾਅਦ ਇੱਥੇ ਆ ਕੇ ਬੰਜਰ ਪਈ ਜਮੀਨ ਨੂੰ ਅਬਾਦ ਕੀਤਾ ਅਤੇ ਅੱਜ 200 ਤੋਂ ਵੱਧ ਪਰਿਵਾਰ ਜਿਨ੍ਹਾਂ ਕੋਲ ਕੇਵਲ 1 ਜਾਂ 2 ਏਕੜ ਜ਼ਮੀਨ ਹੈ, ਖੇਤੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਮੌਕੇ ਮੌਜੂਦ ਕਈ ਕਿਸਾਨਾਂ ਨੇ ਕਿਹਾ ਕਿ ਭਮਾਂ ਕਲਾਂ ਦੀ ਜ਼ਮੀਨ ਪੰਚਾਇਤ ਵਿਭਾਗ ਦੀ ਨਹੀਂ ਬਲਕਿ ਸਰਪੰਚ ’ਤੇ ਦਬਾਅ ਪਾ ਕੇ ਇਹ ਬਿਆਨ ਦਿਵਾਏ ਜਾ ਰਹੇ ਹਨ ਕਿ ਇਹ ਸ਼ਾਮਲਾਤ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਐੱਸਸੀ ਕਮਿਸ਼ਨ ਭਾਰਤ ਕੋਲ ਪਹੁੰਚ ਕੇ ਗੁਹਾਰ ਲਗਾਈ ਹੈ ਕਿ ਇਨ੍ਹਾਂ ਜ਼ਮੀਨਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਇਸ ਮੌਕੇ ਮੌਜੂਦ ਮਲਕੀਤ ਸਿੰਘ ਸਾਬਕਾ ਸਰਪੰਚ, ਪਰਵਿੰਦਰ ਸਿੰਘ ਸਰਪੰਚ ਭਮਾਂ ਕਲਾਂ, ਅੰਮ੍ਰਿਤਪਾਲ ਸਿੰਘ ਬੱਗਾ ਨਾਮਧਾਰੀ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਸੋਹਣ ਸਿੰਘ, ਮੰਗਲ ਸਿੰਘ, ਸੁਰਿੰਦਰ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਬਲਾਕ ਪ੍ਰਧਾਨ ਨੇ ਕਿਹਾ ਕਿ ਜੇ ਭਵਿੱਖ ਵਿਚ ਪੰਚਾਇਤ ਵਿਭਾਗ ਨੇ ਫਿਰ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਲਾਕੇ ਦੇ ਸਾਰੇ ਲੋਕ ਸਰਕਾਰ ਦੀ ਮੁਹਿੰਮ ਦਾ ਡੱਟ ਕੇ ਵਿਰੋਧ ਕਰਨਗੇ।