ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 24 ਜੂਨ
ਬਰਸਾਤਾਂ ਦੇ ਦਿਨਾਂ ਦੌਰਾਨ ਸਿਵਰੇਜ ਦੇ ਓਵਰਫਲੋ ਨੂੰ ਰੋਕਣਾ ਅਤੇ ਨੀਵੇਂ ਮੁਹੱਲਿਆਂ ਵਿੱਚ ਪਾਣੀ ਇਕੱਠਾ ਹੋਣ ਦੀ ਸਮੱਸਿਆ ਹਾਲੇ ਵੀ ਨਗਰ ਕੌਂਸਲ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਕਾਂਗਰਸ ਸਰਕਾਰ ਦੌਰਾਨ ਸ਼ੁਰੂ ਕੀਤੇ ਗਏ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੇ ਕੰਮ ਦੀ ਹੌਲੀ ਰਫ਼ਤਾਰ ਕਰਕੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਆਮ ਦਿਨਾਂ ਦੌਰਾਨ ਵੀ ਬਣੀ ਰਹਿੰਦੀ ਹੈ। ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਚੰਦਰ ਪ੍ਰਕਾਸ਼ ਵਧਵਾ ਨੇ ਮੰਨਿਆ ਕਿ ਸੀਵਰੇਜ ਪਾਈਪਾਂ ਦੀ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਨਾ ਉਪਲਬਧ ਹੋਣ ਕਰਕੇ ਬਰਸਾਤਾਂ ਦੇ ਦਿਨਾਂ ਵਿੱਚ ਹਰ ਸਾਲ ਪਾਣੀ ਦੇ ਨਿਕਾਸ ਦੀ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਕਿਉਂਕਿ ਨਗਰ ਕੌਂਸਲ ਕੋਲ ਨਾਲਿਆਂ ਅਤੇ ਸੀਵਰੇਜ ਪਾਈਪਾਂ ਦੀ ਸਫਾਈ ਕਰਨ ਲਈ ਲੋੜੀਂਦੇ ਉਪਕਰਨ ਨਹੀਂ ਹਨ, ਇਸ ਲਈ ਇਸ ਵਾਰ ਸਾਰੀਆਂ ਪਾਈਪਾਂ ਦੀ ਸਫ਼ਾਈ ਦਾ ਕੰਮ ਠੇਕੇ ’ਤੇ ਦਿੱਤਾ ਗਿਆ ਹੈ। ਇੱਕ ਡੀਸਿਲਟਿੰਗ ਮਸ਼ੀਨ ਅਤੇ ਟੈਂਕਰ ਉਸ ਵੇਲੇ ਤੱਕ ਤਾਇਨਾਤ ਕੀਤੇ ਗਏ ਹਨ, ਜਦੋਂ ਤੱਕ ਸ਼ਹਿਰ ਦੇ ਸਾਰੇ ਨਾਲਿਆਂ ਅਤੇ ਸੀਵਰੇਜ ਪਾਈਪਾਂ ਦੀ ਗਾਦ ਨਹੀਂ ਕੱਢ ਦਿੱਤੀ ਜਾਂਦੀ। ਮਕੈਨੀਕਲ ਇੰਜਨੀਅਰ ਅਵਤਾਰ ਸਿੰਘ ਨੱਤ ਨੇ ਦਾਅਵਾ ਕੀਤਾ ਕਿ ਆਮ ਪੰਪਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਮੁਕੰਮਲ ਸਫ਼ਾਈ ਨਹੀਂ ਹੋ ਸਕਦੀ ਸੀ, ਇਸ ਲਈ ਹੁਣ ਕਿਰਾਏ ’ਤੇ ਡੀਸਿਲਟਿੰਗ ਮਸ਼ੀਨਾਂ ਲਿਆ ਕੇ ਸੀਵਰੇਜ ਸਾਫ਼ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਪਾਣੀ ਦੀ ਨਿਕਾਸੀ ਨਾ ਹੋਣ ’ਤੇ ਰੋਹਣੋਂ ਖੁਰਦ ਵਾਸੀਆਂ ’ਚ ਰੋਸ
ਖੰਨਾ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਰੋਹਣੋਂ ਖੁਰਦ ਦੇ ਵਸਨੀਕਾਂ ਨੇ ਘਰਾਂ ਦੇ ਪਾਣੀ ਦੀ ਟੋਭੇ ’ਚ ਨਿਕਾਸੀ ਨਾ ਹੋਣ ਕਾਰਨ ਪ੍ਰਸ਼ਾਸਨ ਅੱਗੇ ਰੋਸ ਪ੍ਰਗਟ ਕਰਦਿਆਂ ਬੀਡੀਪੀਓ ਖੰਨਾ ਦੇ ਨਾਂ ਮੰਗ ਪੱਤਰ ਦਫ਼ਤਰ ਦੇ ਪੰਚਾਇਤ ਸਕੱਤਰ ਕੁਲਦੀਪ ਸਿੰਘ ਦਹੇੜੂ ਨੂੰ ਸੌਂਪਿਆ। ਇਸ ਮੌਕੇ ਰਣਬੀਰ ਸਿੰਘ, ਹਰਬੰਸ ਸਿੰਘ, ਹਰਨੇਕ ਸਿੰਘ, ਰੁਪਿੰਦਰ ਸਿੰਘ, ਬੂਟਾ ਸਿੰਘ, ਗੁਰਬਖਸ਼ ਸਿੰਘ, ਕਲਮਜੀਤ ਕੌਰ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਟੋਭੇ ਦਾ ਗੰਦਾ ਪਾਣੀ ਘਰਾਂ ਦੇ ਬਾਹਰ ਗਲੀਆਂ ਵਿਚ ਜਾ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਡੀਪੀਓ ਮਹਿੰਦਰ ਸਿੰਘ ਨੇ ਕਿਹਾ ਕਿ ਉਹ ਜਲਦ ਹੀ ਟੋਭੇ ਵਾਲੇ ਰਸਤੇ ਹੇਠਾਂ ਪਾਣੀ ਦੀ ਨਿਕਾਸੀ ਲਈ ਪਾਈਪ ਪਵਾਉਣਗੇ ਤੇ ਪਾਣੀ ਖਾਲੀ ਟੋਭੇ ਵਾਲੇ ਹਿੱਸੇ ਵਿਚ ਚਾਲੂ ਕਰਵਾ ਦਿੱਤਾ ਜਾਵੇਗਾ।