ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਅਗਸਤ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਅੱਜ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸੰਸਥਾ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ। ਸ੍ਰੀ ਛਾਪਾ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਟਰੱਸਟ ਦੇ ਪ੍ਰਧਾਨ ਡਾ. ਐੱਸਪੀਐੱਸ ਓਬਰਾਏ ਦੀ ਅਗਵਾਈ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਹਸਪਤਾਲਾਂ ਵਿੱਚ ਮੁਫ਼ਤ ਡਾਇਲਸਿਸ ਅਤੇ ਟੈਸਟਿੰਗ ਮਸੀਨਾਂ, ਜੇਲ੍ਹਾਂ ਵਿੱਚ ਮੁਫ਼ਤ ਵਾਟਰ ਫਿਲਟਰ, ਭੂਚਾਲ ਪੀੜਤਾਂ ਲਈ ਹਜ਼ਾਰਾਂ ਘਰਾਂ ਦੀ ਉਸਾਰੀ, 600 ਅੱਖਾਂ ਦੇ ਮੁਫ਼ਤ ਚੈਕਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਮੁਫ਼ਤ ਸਿਲਾਈ ਅਤੇ ਕੰਪਿਊਟਰ ਸੈਂਟਰਾਂ ਦੀ ਸਥਾਪਨਾ ਕਰ ਕੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਹਰ ਵਰਗ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਕੇਂਦਰੀ ਮੰਤਰੀ ਡਾ. ਮਾਂਡਵੀਆ ਨੇ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਸਮਾਜ ਦੀ ਭਲਾਈ ਲਈ ਜੇਕਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਹਾਜ਼ਰ ਹਨ।