ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਫਰਵਰੀ
ਅੱਜ ਕਲ੍ਹ ਘਰਾਂ ਵਿੱਚ ਡਾਕੀਏ ਦੀ ਉਡੀਕ ਘੱਟ ਵੱਧ ਹੀ ਹੁੰਦੀ ਹੈ ਪਰ ਬੀਤੇ ਦਿਨਾਂ ਦੌਰਾਨ ਚੋਣ ਡਿਊਟੀ ਕਰ ਕੇ ਆਏ ਕੁਝ ਸਰਕਾਰੀ ਮੁਲਾਜ਼ਮਾਂ ਦੀਆਂ ਅੱਖਾਂ ਉਨ੍ਹਾਂ ਨੂੰ ਉਡੀਕ ਰਹੀਆਂ ਹਨ। ਦਰਅਸਲ ਉਨ੍ਹਾਂ ਨੂੰ ਆਪਣੇ-ਆਪਣੇ ਹਲਕੇ ਦੇ ਚੋਣ ਅਧਿਕਾਰੀਆਂ ਵੱਲੋਂ ਭੇਜੇ ਜਾ ਰਹੇ ਪੋਸਟਲ ਬੈਲਟਾਂ ਦੀ ਉਡੀਕ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਪਸੰਦ ਦਾ ਉਮੀਦਵਾਰ ਇੱਕ ਵੋਟ ਨਾਲ ਹਾਰ ਜਾਵੇ। ਭਾਵੇਂ ਜਿਆਦਾਤਰ ਮੁਲਾਜ਼ਮਾਂ ਨੂੰ ਆਪਣੇ ਪੋਸਟਲ ਵੋਟ ਮਿਲ ਚੁੱਕੇ ਹਨ ਅਤੇ ਉਨ੍ਹਾਂ ਨੇ ਗਜ਼ਟਡ ਅਧਿਕਾਰੀ ਦੀ ਹਾਜ਼ਰੀ ਵਿੱਚ ਵੋਟ ਪਾ ਕੇ ਇਹ ਸਬੰਧਤ ਰਿਟਰਨਿੰਗ ਅਫਸਰਾਂ ਨੂੰ ਭੇਜ ਦਿੱਤੇ ਹਨ ਪਰ ਕੁਝ ਕੁ ਮੁਲਾਜ਼ਮਾਂ ਨੂੰ ਹਾਲੀਂ ਬੈਲਟ ਪੇਪਰ ਪ੍ਰਾਪਤ ਹੋਣੇ ਹਨ। ਇੱਥੋਂ ਦੇ ਇੱਕ ਪ੍ਰਾਈਵੇਟ ਏਡਿਡ ਸਕੂਲ ਦੇ ਪ੍ਰਿੰਸੀਪਲ ਵਿਨੇ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਚੋਣ ਡਿਊਟੀ ਕਰਨ ਵਾਲੇ ਜ਼ਿਆਦਾਤਰ ਅਧਿਆਪਕਾਂ ਦੇ ਪੋਸਟਲ ਬੈਲਟ ਪੇਪਰ ਪ੍ਰਾਪਤ ਹੋ ਚੁੱਕੇ ਹਨ ਪਰ ਅਜੇ ਕੁਝ ਅਧਿਆਪਕਾਂ ਨੂੰ ਇਹ ਵੋਟ ਪ੍ਰਾਪਤ ਹੋਣੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਬੰਧਤ ਅਧਿਆਪਕਾਂ ਨੂੰ ਆਪਣੇ ਖੇਤਰ ਦੇ ਡਾਕਖਾਨੇ ਨਾਲ ਸੰਪਰਕ ਕਰਕੇ ਪਤਾ ਕਰਨ ਲਈ ਆਖ ਦਿੱਤਾ ਹੈ। ਕਿਉਂਕਿ ਵੋਟ ਭੇਜਣ ਵਾਲੇ ਲਿਫਾਫੇ ਉੱਪਰ ਕੋਈ ਟਿਕਟ ਨਹੀਂ ਲੱਗਣੀ ਇਸ ਲਈ ਪ੍ਰਾਪਤ ਹੁੰਦਿਆਂ ਸਾਰ ਹੀ ਵੋਟ ਪਾ ਕੇ ਲਿਫਾਫਾ ਜ਼ਿੰਮੇਵਾਰੀ ਨਾਲ ਪੋਸਟ ਕਰਨ ਲਈ ਕਿਹਾ ਗਿਆ ਹੈ। ਇਸ ਇਲਾਕੇ ਵਿੱਚ ਨੌਕਰੀ ਕਰ ਰਹੇ ਬਾਹਰਲੇ ਹਲਕਿਆਂ ਦੇ ਵੋਟਰਾਂ ਨੇ ਵੀ ਆਪਣੇ-ਆਪਣੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਦੇ ਅਮਲੇ ਨਾਲ ਸੰਪਰਕ ਬਣਾਇਆ ਹੋਇਆ ਹੈ ਤਾਂ ਕਿ ਦੇਰੀ ਹੋ ਜਾਣ ਦੀ ਸੂਰਤ ਵਿੱਚ ਸਮਾਂ ਰਹਿੰਦੇ ਆਪਣੀ ਵੋਟ ਪਹੁੰਚਾ ਸਕਣ। ਉਂਝ ਇਲਾਕੇ ਦੇ ਰਿਟਰਨਿੰਗ ਅਫ਼ਸਰਾਂ ਨੇ ਦਾਅਵਾ ਕੀਤਾ ਹੈ ਕਿ ਪੋਸਟਲ ਵੋਟਾਂ ਭੇਜਣ ਅਤੇ ਪ੍ਰਾਪਤ ਹੋਣ ਤੋਂ ਬਾਅਦ ਸੰਭਾਲ ਕਰਨ ਦਾ ਕੰਮ ਬੜੀ ਮੁਸਤੈਦੀ ਨਾਲ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਪੋਸਟਲ ਵੋਟ ਗਿਣਤੀ ਵਾਲੇ ਦਿਨ ਵੀ ਪਹੁੰਚਣਗੇ ਉਨ੍ਹਾਂ ਦੀ ਗਿਣਤੀ ਵੀ ਕੀਤੀ ਜਾਵੇਗੀ।