ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਜੁਲਾਈ
ਕਮਿਸ਼ਨਰੇਟ ਪੁਲੀਸ ਨੇ ਪਿੰਡ ਸਸਰਾਲੀ ’ਚ ਸਤਲੁਜ ਦਰਿਆ ਨੇੜੇ ਹੋਏ ਕਾਰੋਬਾਰੀ ਬਲਕਾਰ ਸਿੰਘ ਦਾ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਕਿਹਾ ਕਿ ਜਾਇਦਦਾ ਖਾਤਰ ਬਲਕਾਰ ਸਿੰਘ ਦਾ ਕਤਲ ਉਸ ਦੇ ਛੋਟੇ ਭਰਾ ਗੁਰਦੀਪ ਸਿੰਘ ਨੇ 2 ਮੁਲਜ਼ਮਾਂ ਨੂੰ 5 ਲੱਖ ਰੁਪਏ ਸੁਪਾਰੀ ਦੇ ਕੇ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕਤਲ ਦੀ ਪੂਰੀ ਯੋਜਨਾ ਬਣਾਉਣ ਵਾਲੇ ਗੁਰਦੀਪ ਸਿੰਘ ਤੇ ਉਸਦੇ ਇੱਕ ਸਾਥੀ ਸੌਰਭ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ, ਜਦਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਹਾਲੇ ਫ਼ਰਾਰ ਹਨ। ਜਿਨ੍ਹਾਂ ਦੀ ਪਛਾਣ ਜਗੀਰਪੁਰ ਵਾਸੀ ਕੁਲਦੀਪ ਸਿੰਘ ਤੇ ਗੌਰੀ ਵੱਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ।
ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਨੇ ਦੱਸਿਆ ਕਿ ਬਿਲਡਿੰਗ ਮਟੀਰੀਅਲ ਦਾ ਵਪਾਰ ਕਰਨ ਵਾਲੇ ਬਲਕਾਰ ਸਿੰਘ ਦੇ ਤਿੰਨ ਹੋਰ ਭਰਾ ਹਨ। ਚਾਰਾਂ ਵਿੱਚੋਂ ਬਲਕਾਰ ਦਾ ਕੰਮ ਧੰਦਾ ਚੰਗਾ ਹੈ, ਜਦੋਂ ਕਿ ਬਾਕੀ ਨੌਕਰੀ ਕਰਦੇ ਸਨ। ਗੁਰਦੀਪ ਸਿੰਘ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਤੇ ਵਿਦੇਸ਼ ਜਾਣਾ ਚਾਹੁੰਦਾ ਸੀ। ਚਾਰਾਂ ਭਰਾਵਾਂ ਦਾ ਇੱਕ ਸਾਂਝਾ ਪਲਾਟ 600 ਗਜ਼ ਦਾ ਹੈ, ਜੋ ਪਿੰਡ ’ਚ ਹੈ। ਵਿਦੇਸ਼ ਜਾਣ ਲਈ ਗੁਰਦੀਪ ਸਿੰਘ ਚਾਹੁੰਦਾ ਸੀ ਕਿ ਉਸ ਪਲਾਟ ਨੂੰ ਵੇਚ ਕੇ ਉਸ ਦਾ ਹਿੱਸਾ ਦੇ ਦਿੱਤਾ ਜਾਵੇ। ਜਦਕਿ ਬਲਕਾਰ ਸਿੰਘ ਚਾਹੁੰਦਾ ਸੀ ਕਿ ਉਸ ਪਲਾਟ ਦੇ ਸਹੀ ਪੈਸੇ ਮਿਲ ਜਾਣ ਤਾਂ ਕਿ ਚਾਰਾਂ ਭਰਾਵਾਂ ’ਚ ਕੁਝ ਜ਼ਿਆਦਾ ਪੈਸੇ ਵੰਡੇ ਜਾਣ ਪਰ ਗੁਰਦੀਪ ਨੂੰ ਪੈਸਿਆਂ ਦੀ ਕਾਹਲੀ ਸੀ। ਪੈਸਿਆਂ ਲਈ ਪਲਾਟ ਵੇਚਣ ਖਾਤਰ ਉਸਨੇ ਆਪਣੇ ਦੋਸਤ ਸੌਰਭ ਨਾਲ ਮਿਲ ਕੇ ਯੋਜਨਾ ਬਣਾਈ ਤੇ ਮੁਲਜ਼ਮਾਂ ਨੂੰ ਕਤਲ ਦੀ ਸੁਪਾਰੀ ਦੇ ਦਿੱਤੀ। ਲੰਘੀ 21 ਜੁਲਾਈ ਨੂੰ ਜਦੋਂ ਬਲਕਾਰ ਘਰ ’ਚੋਂ ਨਿਕਲਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਬਹਾਨੇ ਨਾਲ ਬੁਲਾ ਲਿਆ ਤੇ ਤੇਜ਼ਧਾਰ ਹਥਿਆਰ ਨਾਲ ਬਲਕਾਰ ਦਾ ਕਤਲ ਕਰ ਦਿੱਤਾ। ਪੁਲੀਸ ਵੱਲੋਂ ਬਾਅਦ ਵਿੱਚ ਜੀਪੀਐੱਸ ਸਿਸਟਮ ਨਾਲ ਕਾਰ ਟਰੇਸ ਕੀਤੀ ਗਈ ਅਤੇ ਝਾੜੀਆਂ ’ਚੋਂ ਲਾਸ਼ ਮਿਲ ਗਈ ਹੈ। ਜਿਸ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਗੁਰਦੀਪ ’ਤੇ ਸ਼ੱਕ ਹੋਇਆ। ਪੁੱਛ ਪੜਤਾਲ ਦੌਰਾਨ ਗੁਰਦੀਪ ਪੁਲੀਸ ਦੇ ਸਵਾਲਾਂ ’ਚ ਉਲਝ ਅਤੇ ਸਖਤੀ ਨਾਲ ਪੜਤਾਲ ਕਰਨ ’ਤੇ ਉਸ ਨੇ ਵਾਰਦਾਤ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ। ਜਿਸ ਤੋਂ ਬਾਅਦ ਮੁਲਜ਼ਮ ਸੌਰਭ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਬਾਕੀ ਫਰਾਰ ਦੋ ਮੁਲਜ਼ਮਾਂ ਦੀ ਤਾਲਾਸ਼ ਲਈ ਕਾਰਵਾਈ ਕੀਤੀ ਜਾ ਰਹੀ ਹੈ।