ਪੱਤਰ ਪ੍ਰੇਰਕ
ਜਗਰਾਉਂ, 7 ਅਗਸਤ
ਪੁਲੀਸ ਜ਼ਿਲ੍ਹਾ ਲੁਧਿਆਣਾ(ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਅੱਜ ਮੂੰਹ-ਹਨ੍ਹੇਰੇ ਨਸ਼ਾ ਤਸਕਰਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਵਿੱਢੀ ਗਈ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਕਰੀਬ 59 ਦੇ ਘਰਾਂ ਵਿੱਚ ਨਸ਼ਾ ਤਸਕਰੀ ਦੇ ਆਧਾਰ ’ਤੇ ਛਾਪਾ ਮਾਰਿਆ ਅਤੇ ਬਾਰੀਕੀ ਨਾਲ ਛਾਣਬੀਣ ਕੀਤੀ ਗਈ।
ਡੀਐੱਸਪੀ ਸਤਵਿੰਦਰ ਸਿੰਘ ਵਿਰਕ, ਡੀਐੱਸਪੀ ਗੁਰਵਿੰਦਰ ਸਿੰਘ, ਡੀਐੱਸਪੀ ਪ੍ਰਭਜੋਤ ਕੌਰ, ਡੀਐੱਸਪੀ ਗੁਰਤੇਜ ਸਿੰਘ ਦੀ ਅਗਵਾਈ ਹੇਠ ਮੁਹੱਲਾ ਮਾਈ ਜੀਨਾ, ਚੁੰਗੀ ਨੰਬਰ 5 ਤੇ 7, ਮੁਹੱਲਾ ਜੀਵਨ ਨਗਰ ਦੇ 25 ਨਸ਼ਾ ਵੇਚਣ ਵਾਲਿਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸੇ ਤਰ੍ਹਾਂ ਮੁਹੱਲਾ ਗੁਰੂ ਨਾਨਕ, ਬਾਜ਼ੀਗਰ ਬਸਤੀ ਦੇ 15 ਘਰਾਂ, ਬੇਟ ਇਲਾਕੇ ਪਿੰਡ ਕੁੱਲ ਗਹਿਣਾ, ਸਲੇਮਪੁਰ ਟਿੱਬਾ ਦੇ 15 ਤਸਕਰਾਂ, ਪਿੰਡ ਰੂੰਮੀ, ਗਗੜਾ, ਛੱਜਾਵਾਲ, ਗਾਲਬਿ ਕਲਾਂ, ਸਵੱਦੀ ਖੁਰਦ ਦੇ 26 ਘਰਾਂ ਦੀ ਤਲਾਸ਼ੀ ਲਈ ਗਈ। ਜੋਧਾਂ ਇਲਾਕੇ ਦੇ ਪਿੰਡ ਢੈਪਈ, ਸਹੌਲੀ ਦੇ ਸ਼ੱਕੀ ਲੋਕਾਂ ਦੇ ਘਰਾਂ ਵਿੱਚ ਛਾਪਾ ਮਾਰਿਆ ਗਿਆ। ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਨੇ ਅੱਜ ਦੀ ਮੁਹਿੰਮ ਨੂੰ ਸਫ਼ਲ ਕਰਾਰ ਦਿੰਦਿਆਂ ਦੱਸਿਆ ਕਿ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀਆਂ ਤਿੰਨੇ ਸਬ-ਡਿਵੀਜ਼ਨਾਂ ਜਗਰਾਉਂ, ਰਾਏਕੋਟ ਅਤੇ ਦਾਖਾ ਵਿੱਚ ਵਿਚਰ ਰਹੇ ਨਸ਼ਾ ਤਸਕਰ ਮਾੜੇ ਕੰਮਾਂ ਤੋਂ ਬਾਜ਼ ਆਉਣ ਨਾ ਆਉਣ ਦੀ ਸੂਰਤ ਵਿੱਚ ਜੇਲ੍ਹ ਜਾਣ ਦੀ ਤਿਆਰੀ ਕਰਨ। ਅੱਜ ਨਸ਼ਾ ਤਸਕਰ ਸੋਨੂ ਸਿੰਘ, ਕੁੱਲ ਗਹਿਣਾ ਤੋਂ 5 ਗ੍ਰਾਮ ਹੈਰੋਇਨ, ਰਾਜੂ ਵਾਸੀ ਸਹੌਲੀ ਤੋਂ 200 ਨਸ਼ੀਲੀਆਂ ਗੋਲੀਆਂ ਅਤੇ 16 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਕੇਸ ਦਰਜ ਕੀਤਾ ਗਿਆ ਅਤੇ 11 ਸ਼ੱਕੀ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਥਾਣੇ ਲਿਜਾਇਆ ਗਿਆ।