ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਨਵੰਬਰ
ਸਨਅਤੀ ਸ਼ਹਿਰ ਵਿੱਚ ਦੇਰ ਰਾਤ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚੈਕ ਕਰਨ ਲਈ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਖੁਦ ਸੜਕਾਂ ’ਤੇ ਉਤਰ ਆਏ। ਪੁਲੀਸ ਕਮਿਸ਼ਨਰ ਨੇ ਬੁੱਧਵਾਰ ਦੀ ਦੇਰ ਰਾਤ ਸ਼ਹਿਰ ਦੇ ਕਈ ਇਲਾਕਿਆਂ ਤੇ ਬਾਜ਼ਾਰਾਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਥਾਣਿਆਂ ਦੀ ਜਾਂਚ ਕੀਤੀ ਤੇ ਮੁਲਾਜ਼ਮਾਂ ਦੀ ਕਲਾਸ ਲਾਈ। ਪੁਲੀਸ ਕਮਿਸ਼ਨਰ ਪਹਿਲਾਂ ਥਾਣਾ ਦਰੇਸੀ ਪੁੱਜੇ। ਉੱਥੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਤੇ ਥਾਣੇ ਦੇ ਸਾਰੇ ਰਜਿਸਟਰ ਚੈੱਕ ਕੀਤੇ। ਇਸ ਤੋਂ ਬਾਅਦ ਪੁਲੀਸ ਕਮਿਸ਼ਨਰ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਪੁੱਜੇ। ਜਿੱਥੇ ਜਾਮ ਦੀ ਸਥਿਤੀ ਸੀ ਤਾਂ ਪੁਲੀਸ ਕਮਿਸ਼ਨਰ ਨੇ ਟਰੈਫਿਕ ਦੀ ਸਮੱਸਿਆ ਦਾ ਹੱਲ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਈ ਦੁਕਾਨਦਾਰਾਂ ਨੇ ਉਨ੍ਹਾਂ ਨਾਲ ਗੱਲ ਕੀਤੀ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਥਾਣਾ ਡਿਵੀਜ਼ਨ ਨੰਬਰ 3 ਦੇ ਐੱਸਐੱਚਓ ਧਰਮਪਾਲ ਨੂੰ ਕਿਹਾ ਕਿ ਤੁਹਾਡੇ ਥਾਣੇ ਦੇ ਬਾਹਰ ਇੰਨੀ ਗੰਦਗੀ ਹੈ। ਉਧਰ, ਥਾਣੇ ਦੇ ਬਾਹਰ ਹੀ ਨਾਜਾਇਜ਼ ਕਬਜ਼ਾ ਹੋਇਆ ਪਿਆ ਸੀ, ਜਿਸ ਕਾਰਨ ਜਾਮ ਲੱਗਿਆ ਹੈ। ਉਨ੍ਹਾਂ ਸਖਤੀ ਨਾਲ ਕਿਹਾ ਕਿ ਥਾਣੇ ਦੇ ਬਾਹਰ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸੀਪੀ ਆਸਪਾਸ ਦੇ ਇਲਾਕੇ ਦਾ ਦੌਰਾ ਵੀ ਕੀਤਾ। ਉਨ੍ਹਾਂ ਐੱਸਐੱਚਓ’ਜ਼ ਨੂੰ ਹੌਜ਼ਰੀ ਦੇ ਸੀਜ਼ਨ ਕਾਰਨ ਵਪਾਰੀਆਂ ਦੀ ਆਮਦ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਜੋਂ ਗਸ਼ਤ ਵਧਾਉਣ ਲਈ ਕਿਹਾ।